ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਪੁਸਤਕ ਮੇਲੇ ਨਾਲ ਸ਼ਹੀਦੀ ਸਭਾ ਦੀਆਂ ਸੇਵਾਵਾਂ ਦੀ ਸ਼ੁਰੂਆਤ
ਫਤਿਹਗੜ੍ਹ ਸਾਹਿਬ, 24 Dec 2025- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਚਾਰ ਰੋਜ਼ਾ ਚੌਥੇ ਸਲਾਨਾ ਪੁਸਤਕ ਮੇਲੇ ਅਤੇ ਵਿਦਿਆਰਥੀ ਮੁਕਾਬਲਿਆਂ ਦੀ ਸ਼ੁਰੂਆਤ ਅੱਜ ਗੰਭੀਰਤਾ ਅਤੇ ਸ਼ਰਧਾ ਭਾਵ ਨਾਲ ਕੀਤੀ ਗਈ। ਇਹ ਸਮੂਹ ਸਮਾਗਮ ਸ਼ਹੀਦੀ ਸਭਾ ਦੇ ਪਵਿੱਤਰ ਮੌਕੇ ਨਾਲ ਜੋੜੇ ਗਏ ਹਨ।
ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ ਪਹੁੰਚ ਰਹੀ ਸੰਗਤ ਨੂੰ ਗੁਰਮਤਿ ਸਿਧਾਂਤਾਂ, ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਨਾ ਯੂਨੀਵਰਸਿਟੀ ਦਾ ਮੁਢਲਾ ਅਤੇ ਨੈਤਿਕ ਫਰਜ਼ ਹੈ। ਉਨ੍ਹਾਂ ਦੱਸਿਆ ਕਿ ਪੁਸਤਕ ਮੇਲੇ ਵਿੱਚ 30 ਤੋਂ ਵੱਧ ਪ੍ਰਕਾਸ਼ਕ ਗੁਰਮਤਿ ਸਾਹਿਤ, ਇਤਿਹਾਸਕ ਅਤੇ ਧਾਰਮਿਕ ਪੁਸਤਕਾਂ ਲੈ ਕੇ ਸ਼ਾਮਲ ਹੋਏ ਹਨ।
ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਵਿਦਿਆਰਥੀ ਮੁਕਾਬਲਿਆਂ ਦੇ ਨਤੀਜੇ ਦੱਸਦਿਆਂ ਕਿਹਾ ਕਿ ਗੁਰਬਾਣੀ ਕੰਠ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਜੀਤ ਸਿੰਘ ਅਤੇ ਦੂਜਾ ਸਥਾਨ ਵਿਕਾਸਪ੍ਰੀਤ ਸਿੰਘ (ਦੋਵੇਂ ਸੇਵਾ ਸੰਗੀਤ ਅਕੈਡਮੀ, ਮੇਹਤਾ ਚੌਕ, ਅੰਮ੍ਰਿਤਸਰ) ਨੇ ਹਾਸਲ ਕੀਤਾ। ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਤਰਨਜੋਤ ਕੌਰ (ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਧੰਗੇੜਾ, ਨਾਭਾ) ਅਤੇ ਦੂਜਾ ਸਥਾਨ ਰਾਜਨ ਪਰਮਿੰਦਰ ਕੌਰ (ਸਮਰਹਿੱਲ ਕਾਨਵੈਂਟ ਸਕੂਲ, ਮਾਨਸਾ ਰੋਡ, ਬਠਿੰਡਾ) ਨੇ ਪ੍ਰਾਪਤ ਕੀਤਾ।
ਡੀਨ ਫੈਕਲਟੀ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਡਾ. ਹਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਸਕੂਲ ਵਿਦਿਆਰਥੀਆਂ ਦੇ ਗੁਰਬਾਣੀ ਮੁਕਾਬਲੇ ਅਤੇ ਉਸ ਤੋਂ ਅਗਲੇ ਦਿਨ ਕਵਿਤਾ ਉਚਾਰਨ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁਕਾਬਲਿਆਂ ਲਈ ਮੌਕੇ ‘ਤੇ ਹੀ ਰਜਿਸਟਰੇਸ਼ਨ ਕੀਤੀ ਜਾਵੇਗੀ ਅਤੇ ਸਾਰੇ ਮੁਕਾਬਲੇ ਦੁਪਹਿਰ 12 ਵਜੇ ਸ਼ੁਰੂ ਹੋਣਗੇ।
ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸ਼ਹੀਦੀ ਸਭਾ ਵਿੱਚ ਪਹੁੰਚ ਰਹੀ ਸੰਗਤ ਦੀ ਸੇਵਾ ਲਈ ਮੁਫ਼ਤ ਫਿਜ਼ੀਓਥੈਰੇਪੀ ਕੈਂਪ, ਦਸਤਾਰ ਸਿਖਲਾਈ ਕੈਂਪ ਅਤੇ ਐਨ.ਐੱਸ.ਐੱਸ. ਸੇਵਾਵਾਂ ਦੀ ਵੀ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ।
ਸਮਾਗਮ ਦੇ ਅੰਤ ਵਿੱਚ ਸੰਯੋਜਕ ਡਾ. ਨਵ ਸ਼ਗਨ ਦੀਪ ਕੌਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਅਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ ਦਿਨਾਂ ਵਿੱਚ ਵੀ ਇਨ੍ਹਾਂ ਮੁਕਾਬਲਿਆਂ ਅਤੇ ਸਮਾਗਮਾਂ ਵਿੱਚ ਭਰਪੂਰ ਸ਼ਮੂਲੀਅਤ ਕਰਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅੰਕਦੀਪ ਕੌਰ (ਡਾਇਰੈਕਟਰ, ਆਈਕਿਊਏਸੀ), ਸ਼੍ਰੀਮਤੀ ਜਸਪ੍ਰੀਤ ਕੌਰ (ਯੂਨੀਵਰਸਿਟੀ ਲੋਕ ਸੰਪਰਕ ਅਧਿਕਾਰੀ), ਡਾ. ਬਲਜੀਤ ਕੌਰ (ਅੰਗਰੇਜ਼ੀ ਵਿਭਾਗ), ਡਾ. ਰਮਨਦੀਪ ਕੌਰ (ਮੁਖੀ, ਰਾਜਨੀਤੀ ਸ਼ਾਸਤਰ ਵਿਭਾਗ), ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਡਾ. ਮੋਨਿਕਾ ਆਇਰੀ, ਡਾ. ਅਮਨਦੀਪ ਕੌਰ ਵਿਰਕ, ਡਾ. ਸਰਪ੍ਰੀਤ ਸਿੰਘ, ਡਾ. ਵਰਿੰਦਰ ਸਿੰਘ ਭੁੱਲਰ (ਮੁਖੀ, ਸਿੱਖਿਆ ਵਿਭਾਗ), ਡਾ. ਬਲਜਿੰਦਰ ਸਿੰਘ (ਪੰਜਾਬੀ ਵਿਭਾਗ), ਡਾ. ਪਲਵਿੰਦਰ ਕੌਰ (ਧਰਮ ਅਧਿਐਨ ਵਿਭਾਗ) ਅਤੇ ਹਰਪ੍ਰੀਤ ਸਿੰਘ ਨਾਜ਼ (ਆਰਟਿਸਟ) ਆਦਿ ਹਾਜ਼ਰ ਸਨ।