ਸ੍ਰੀ ਗੁਰੂ ਗੋਬਿੰਦ ਸਿੰਘ ਭਵਨ' ਹੈ ਪੰਜਾਬੀ ਯੂਨੀਵਰਸਿਟੀ ਦੀ ਪਛਾਣ: ਉਪ-ਕੁਲਪਤੀ ਡਾ. ਜਗਦੀਪ ਸਿੰਘ
*ਪੰਜਾਬੀ ਯੂਨੀਵਰਸਿਟੀ ਵਿਖੇ 'ਸ੍ਰੀ ਗੁਰੂ ਗੋਬਿੰਦ ਸਿੰਘ ਭਵਨ' ਦੇ ਸੁੰਦਰੀਕਰਨ ਦਾ ਕਾਰਜ ਆਰੰਭ*
*ਸੰਗਤ ਦੇ ਸਾਂਝੇ ਸਹਿਯੋਗ ਨਾਲ਼ ਹੋ ਰਿਹਾ ਹੈ ਕਾਰਜ*
ਪਟਿਆਲਾ, 26 ਦਸੰਬਰ
ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ 'ਸ੍ਰੀ ਗੁਰੂ ਗੋਬਿੰਦ ਸਿੰਘ ਭਵਨ' ਦੀ ਮੁਰੰਮਤ ਅਤੇ ਸੁੰਦਰੀਕਰਨ ਦਾ ਕਾਰਜ ਆਰੰਭ ਕਰਵਾਇਆ ਗਿਆ। ਸੰਗਤ ਦੇ ਸਾਂਝੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਇਸ ਕਾਰਜ ਦੀ ਸ਼ੁਰੂਆਤ ਧਰਮ ਅਧਿਐਨ ਵਿਭਾਗ ਵਿਖੇ ਕਰਵਾਏ ਅਰਦਾਸ ਸਮਾਗਮ ਨਾਲ਼ ਹੋਈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਭਵਨ ਪੰਜਾਬੀ ਯੂਨੀਵਰਸਿਟੀ ਦੀ ਪਛਾਣ ਹੈ ਜੋ ਯੂਨੀਵਰਸਿਟੀ ਦੀ ਦਿੱਖ ਨੂੰ ਚਾਰ ਚੰਨ ਲਗਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਮੁਰੰਮਤ ਅਤੇ ਸੁੰਦਰੀਕਰਨ ਲਈ ਸਾਂਝੇ ਰੂਪ ਵਿੱਚ ਹੋ ਰਿਹਾ ਉਪਰਾਲਾ ਸ਼ਲਾਘਾਯੋਗ ਕਦਮ ਹੈ।
ਅਰਦਾਸ ਸਮਾਗਮ ਉਪਰੰਤ ਵਾਈਸ ਚਾਂਸਲਰ ਸਾਹਿਬ ਵੱਲੋਂ ਰੰਗ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਹ ਸਾਰਾ ਕਾਰਜ ਕੈਂਪਸ ਦੀ ਸਮੂਹ ਸੰਗਤ ਅਤੇ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਹੋਵੇਗਾ ਅਤੇ ਤਕਰੀਬਨ ਇੱਕ ਮਹੀਨੇ ਵਿੱਚ ਸਾਰਾ ਕੰਮ ਸੰਪੰਨ ਹੋ ਜਾਵੇਗਾ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਤਾਲਮੇਲ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਰਮਚਾਰੀ, ਅਧਿਕਾਰੀ ਅਤੇ ਇਸ ਮਕਸਦ ਲਈ ਸਹਿਯੋਗ ਦੇ ਰਹੀ ਵਿਦਿਆਰਥੀ ਜਥੇਬੰਦੀ ਯੁਨਾਇਟਡ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਨੁਮਾਇੰਦੇ ਸ਼ਾਮਲ ਹਨ।
ਮੁਰੰਮਤ ਅਤੇ ਸੁੰਦਰੀਕਰਨ ਦੇ ਇਸ ਕਾਰਜ ਲਈ ਯੂਨੀਵਰਸਟੀ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰ ਸੰਗਤ ਵੱਲੋਂ ਰਾਸ਼ੀ ਇਕੱਤਰ ਕੀਤੀ ਜਾ ਰਹੀ ਹੈ। ਇਸ ਕੰਮ ਲਈ ਪੰਜ ਲੱਖ ਰੁਪਏ ਤੱਕ ਦਾ ਖਰਚਾ ਅਨੁਮਾਨਿਤ ਹੈ ਜਿਸ ਵਿੱਚੋਂ ਡੇਢ ਲੱਖ ਰੁਪਏ ਦੇ ਕਰੀਬ ਰਾਸ਼ੀ ਇਕੱਤਰ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਭਵਨ ਵਿਚਲਾ ਧਰਮ ਅਧਿਐਨ ਵਿਭਾਗ ਵਿਸ਼ਵ ਦਾ ਇਕ ਵਿਲੱਖਣ ਵਿਭਾਗ ਹੈ, ਜਿਸ ਵਿੱਚ ਸੰਸਾਰ ਦੇ ਸਮੂਹ ਪ੍ਰਮੁੱਖ ਧਰਮਾਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਹ ਵਿਭਾਗ, ਜਿੱਥੇ ਵੱਖ-ਵੱਖ ਧਰਮਾਂ ਦੀ ਪੜ੍ਹਾਈ, ਖੋਜ ਅਤੇ ਅਨੁਸ਼ਾਸਨ ਕਰਕੇ ਪ੍ਰਸਿੱਧ ਹੈ, ਉੱਥੇ ਹੀ ਯੂਨੀਵਰਸਿਟੀ ਦੇ ਲੋਗੋ ਵਾਲ਼ੀ ਆਪਣੀ ਵਿਸ਼ੇਸ਼ ਦਿੱਖ ਕਾਰਨ ਸਾਰੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲ਼ਿਆਂ ਲਈ ਆਕਰਸ਼ਣ ਦਾ ਕੇਂਦਰ ਵੀ ਬਣਦਾ ਹੈ।
ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨਾਲ਼ ਸੰਬੰਧਿਤ ਮੁਖੀ ਸਾਹਿਬਾਨ, ਅਧਿਆਪਕ, ਅਧਿਕਾਰੀ, ਕਰਮਚਾਰੀ ਅਤੇ ਖੋਜਾਰਥੀ/ਵਿਦਿਆਰਥੀ ਸ਼ਾਮਲ ਹੋਏ।
ਅਰਦਾਸ ਸਮਾਗਮ ਮੌਕੇ ਡਾ. ਤੇਜਿੰਦਰ ਕੌਰ ਧਾਲੀਵਾਲ, ਡਾ ਜਸਪ੍ਰੀਤ ਕੌਰ ਸੰਧੂ, ਡਾ ਗੁਰਮੇਲ ਸਿੰਘ, ਡਾ ਗੁਰਮੀਤ ਸਿੰਘ ਸਿੱਧੂ, ਡਾ. ਜਸਬੀਰ ਸਿੰਘ ਜਵੱਦੀ, ਡਾ. ਪਰਮਜੀਤ ਸਿੰਘ, ਡੀ-ਆਰ ਸੁਰਿੰਦਰ ਕੌਰ ਮਾਨ, ਕਾਰਜਕਾਰੀ ਇੰਜੀਨੀਅਰ ਨਰੇਸ਼ ਕੁਮਾਰ ਮਿੱਤਲ, ਸੁਰੱਖਿਆ ਅਫਸਰ ਕੈਪਟਨ ਗੁਰਤੇਜ ਸਿੰਘ, ਗੁਰਿੰਦਰਪਾਲ ਸਿੰਘ ਬੱਬੀ, ਗੁਰਲਾਲ ਸਿੰਘ ਜੇ-ਈ, ਡਾ. ਪਰਮਜੀਤ ਸਿੰਘ, ਧਰਮਿੰਦਰ ਸਿੰਘ, ਗੁਰਚਰਨ ਸਿੰਘ, ਮਨਜਿੰਦਰ ਸਿੰਘ, ਗੁਰਸੇਵਕ ਸਿੰਘ, ਮਨਦੀਪ ਸਿੰਘ, ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ, ਨਿਰਮਲਜੀਤ ਸਿੰਘ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ, ਰਾਜਵੀਰ ਕੌਰ ਗਰਲਜ਼ ਵਿੰਗ, ਯਾਦਵਿੰਦਰ ਸਿੰਘ ਯਾਦੂ ਸਮੇਤ ਹੋਰ ਵਿਦਿਆਰਥੀ ਹਾਜ਼ਰ ਰਹੇ।