ਸੇਂਟ ਕਬੀਰ ਪਬਲਿਕ ਸਕੂਲ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ
- ਕਰਮਚਾਰੀਆਂ ਨੂੰ ਤੋਹਫ਼ੇ ਭੇਟ ਕਰਦੇ ਹੋਏ ਪ੍ਰਿੰਸੀਪਲ ਸਾਹਿਬ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ
ਰੋਹਿਤ ਗੁਪਤਾ
ਗੁਰਦਾਸਪੁਰ 30 ਅਪ੍ਰੈਲ 2025 - ਮਿਹਨਤ ਕਰ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਇਨਸਾਨ ਦੇਸ਼ ਦੀ ਤਰੱਕੀ ਵਾਸਤੇ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹਨਾਂ ਦੀ ਸਖ਼ਤ ਘਾਲਣਾ ਨੂੰ ਮੱਦੇਨਜ਼ਰ ਰੱਖਦਿਆਂ ਸੇਂਟ ਕਬੀਰ ਪਬਲਿਕ ਸਕੂਲ ਵਿੱਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਪ੍ਰਿੰਸੀਪਲ ਐਸ.ਬੀ. ਨਾਯਰ ਜੀ ਦੀ ਸਰਪ੍ਰਸਤੀ ਅਧੀਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਬਾਰਵੀਂ ਜਮਾਤ ਦੀ ਵਿਦਿਆਰਥਣ ਏਕਮਪ੍ਰੀਤ ਕੌਰ ਦੁਆਰਾ ਇਸ ਦਿਨ ਦੀ ਮਹੱਤਤਾ ਭਰੇ ਵਿਚਾਰ ਸਾਂਝੇ ਕਰਦਿਆਂ ਕੀਤੀ ਗਈ।
ਇਸ ਉਪਰੰਤ ਸਕੂਲੀ ਵਿਦਿਆਰਥੀ ਜਸ਼ਨ ਅਤੇ ਹਰਮਨ ਦੁਆਰਾ ਲੜੀਵਾਰ ਪ੍ਰੋਗਰਾਮ ਨੂੰ ਅੱਗੇ ਤੋਰਿਆ ਗਿਆ। ਪ੍ਰੋਗਰਾਮ ਦੇ ਸ਼ੁਰੂਆਤੀ ਦੌਰ ਵਿੱਚ ਇੰਟਰ ਹਾਊਸ ਕੋਰਿਓਗ੍ਰਾਫੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਕੂਲ ਦੇ ਚਾਰ ਹਾਊਸ ਰੂਬੀ , ਸਫਾਇਰ, ਐਮਰਲਡ ਅਤੇ ਐਂਬਰ ਹਾਊਸ ਦੇ ਛੇਂਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਮਾਜ ਦੇ ਪ੍ਰਮੁੱਖ ਸੇਵਕਾਂ ਅਧਿਆਪਕ, ਡਾਕਟਰ, ਕਿਸਾਨਾਂ ,ਪੁਲਿਸ ਕਰਮੀਆਂ ਅਤੇ ਫ਼ੌਜੀ ਜਵਾਨਾਂ ਦੇ ਜ਼ਿੰਦਗੀ ਦੇ ਸੰਘਰਸ਼ ਨੂੰ ਬਾਖੂਬੀ ਬਿਆਨ ਕੀਤਾ ਜੋ ਕਿ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਲਈ ਸਮਰਪਿਤ ਕਰ ਦਿੰਦੇ ਹਨ।
ਇਸ ਦੇ ਨਾਲ ਹੀ ਐਲ. ਕੇ.ਜੀ ਤੇ ਯੂ.ਕੇ. ਜੀ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਦੁਆਰਾ ਮਜ਼ਦੂਰਾਂ ਦੀ ਹੌਂਸਲਾ ਅਫਜ਼ਾਈ ਤੇ ਅਣਥੱਕ ਮਿਹਨਤ ਨੂੰ ਦਰਸਾਉਂਦਾ ਹੋਇਆ ਡਾਂਸ ਐਕਟ ਪੇਸ਼ ਕੀਤਾ। ਜਿਸ ਵਿੱਚ ਉਹਨਾਂ ਸਕੂਲ ਦੇ ਸਫ਼ਾਈ ਕਰਮਚਾਰੀਆਂ ਦੀ ਅਣਥੱਕ ਮਿਹਨਤ ਨੂੰ ਵੀ ਸਲਾਮ ਕੀਤਾ।
ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਆਪਣੇ ਹੱਥੀਂ ਵੱਖ-ਵੱਖ ਨਾਅਰੇ ਲਿਖ ਕੇ ਆਪਣੇ ਹੀ ਸਕੂਲ ਦੇ ਸਾਰੇ ਕਰਮਚਾਰੀਆਂ ਨੂੰ ਭੇਂਟ ਕੀਤੇ। ਵਿਦਿਆਰਥੀਆਂ ਦੁਆਰਾ ਇਸ ਦਿਨ ਦੀ ਗਹਿਰਾਈ ਨੂੰ ਮੁੱਖ ਰੱਖਦਿਆਂ ਸੁੰਦਰ ਕਾਰਡ ਤੇ ਚਿੱਤਰਕਾਰੀਆ ਕੀਤੀਆਂ ਗਈਆਂ।
ਇਸ ਤੋਂ ਬਾਅਦ ਸਕੂਲ ਦੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਫੈਂਸੀ ਡਰੈੱਸ ਮੁਕਾਬਲੇ ਰਾਹੀਂ ਸਮਾਜ ਦੀ ਸੇਵਾ ਕਰ ਰਹੇ ਵੱਖ ਵੱਖ ਸੇਵਾਦਾਰਾਂ ਦੀਆਂ ਪੁਸ਼ਾਕਾਂ ਪਹਿਨ ਕੇ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਅਹਿਮ ਹਿੱਸਿਆਂ ਤੇ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਜਿੰਨ੍ਹਾਂ ਵਿੱਚ ਆਮ ਮਜ਼ਦੂਰ, ਮਾਲੀ, ਖਾਣਾ ਬਣਾਉਣ ਵਾਲੇ, ਦਿਹਾੜੀਦਾਰ ,ਫਾਇਰਬ੍ਰਗੇਡ ਤੇ ਕਈ ਹੋਰ ਸਮਾਜ ਸੇਵਕ ਸ਼ਾਮਲ ਸਨ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਜੀ ਤੇ ਮੈਨੇਜਮੈਂਟ ਮੈਂਬਰਾਂ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਜੀ ਵੱਲੋਂ ਸਕੂਲ ਦੇ ਸਾਰੇ ਹੀ ਕਰਮਚਾਰੀਆਂ ਨੂੰ ਤੋਹਫ਼ੇ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਪ੍ਰਿੰਸੀਪਲ ਜੀ ਨੇ ਇਸ ਮੌਕੇ ਸਮੁੱਚੇ ਸਕੂਲ ਦੇ ਸਨਮੁੱਖ ਵਿਦਿਆਰਥੀਆਂ ਨੂੰ ਹਰ ਵਰਗ ਦੇ ਲੋਕਾਂ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਰੱਖਣ ਦਾ ਸੰਦੇਸ਼ ਦਿੰਦੇ ਹੋਏ ਸਾਰਿਆਂ ਨੂੰ ਮਜਦੂਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੋਆਡੀਨੇਟਰ ਵਿਸ਼ਾਲ ਸਿੰਘ,ਟੇਨ ਸਿੰਘ, ਅਮਨਪ੍ਰੀਤ ਕੌਰ ਸਮੇਤ ਸਮੁੱਚੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਸ਼ਾਮਲ ਸਨ।