ਸਿਹਤ ਵਿਭਾਗ ਬਠਿੰਡਾ ਵੱਲੋਂ ਬੇਅੰਤ ਨਗਰ ਵਿਖੇ ਹੱਥ ਧੋਂਣ ਦੀ ਪ੍ਰਕਿਰਿਆ ਬਾਰੇ ਕੀਤਾ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਬਠਿੰਡਾ, 7 ਜੂਨ 2025 :ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਦੀ ਅਗਵਾਈ ਹੇਠ ਸਿਹਤ ਵਿਭਾਗ ਬਠਿੰਡਾ ਵੱਲੋਂ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਇਸੇ ਤਹਿਤ ਆਯੂਸ਼ਮਾਨ ਅਰੋਗਿਆ ਕੇਂਦਰ ਬੇਅੰਤ ਨਗਰ ਵਿਖੇ ਹੱਥ ਧੋਂਣ ਦੀ ਪ੍ਰਕਿਰਿਆ ਬਾਰੇ ਦੱਸਿਆ ਗਿਆ । ਹੱਥ ਧੋਣਾ — ਬਿਮਾਰੀਆਂ ਤੋਂ ਬਚਾਅ ਦਾ ਸਭ ਤੋਂ ਸੌਖਾ ਤੇ ਪ੍ਰਭਾਵਸ਼ਾਲੀ ਤਰੀਕਾ ਹੈ। ਨਿਯਮਤ ਤੌਰ 'ਤੇ ਸਾਬਣ ਅਤੇ ਸਾਫ ਪਾਣੀ ਨਾਲ ਹੱਥ ਧੋਣ ਨਾਲ ਟਾਈਫਾਈਡ , ਡਾਇਰੀਆ, ਫਲੂ, ਕੋਵਿਡ-19 ਵਰਗੀਆਂ ਬੀਮਾਰੀਆਂ ਤੋਂ ਰੋਕਥਾਮ ਕੀਤੀ ਜਾ ਸਕਦੀ ਹੈ। ਇਸ ਮੌਕੇ ਡਾ ਨਵੇਦਿਤਾ ਰਾਓ, ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਊਸ਼ਾ, ਅਮਨਦੀਪ ਕੌਰ ਅਤੇ ਬਲਜੀਤ ਕੌਰ ਹਾਜ਼ਰ ਸਨ ।
ਡਾ ਨਵੇਦਿਤਾ ਨੇ ਦੱਸਿਆ ਕਿ ਬਹੁਤੇ ਲੋਕ ਖਾਣਾ ਖਾਣ ਤੋਂ ਅਤੇ ਖਾਣਾ ਪਰੋਸਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਨਹੀਂ ਧੋਂਦੇ, ਜਿਸ ਕਰਕੇ ਸਾਡੇ ਅੰਦਰ ਬਹੁਤ ਸਾਰੇ ਜਰਮ ਚਲੇ ਜਾਂਦੇ ਹਨ ।
ਉਹਨਾਂ ਕਿਹਾ ਕਿ ਇਸ ਤਰ੍ਹਾਂ ਅਸੀਂ ਬਿਮਾਰੀਆਂ ਦੀ ਗ੍ਰਹਿਸਤ ਵਿੱਚ ਆ ਜਾਂਦੇ ਹਾਂ ਅਤੇ ਸਾਡਾ ਸਮਾਂ, ਸਿਹਤ ਅਤੇ ਆਰਥਿਕ ਤੌਰ ਤੇ ਬਹੁਤ ਨੁਕਸਾਨ ਹੁੰਦਾ ਹੈ। ਉਹਨਾ ਮਾਵਾਂ ਨੂੰ ਦੱਸਿਆ ਕਿ 6 ਸਟੈਪਵਾਈਜ਼ ਨਾਲ 20 ਸੈਕਿੰਡ ਤੱਕ ਹੱਥ ਚੰਗੀ ਤਰ੍ਹਾ ਸਾਬਣ ਅਤੇ ਪਾਣੀ ਨਾਲ ਧੋਣੇ ਚਾਹੀਦੇ ਹਨ। ਖਾਸ ਕਰਕੇ ਖਾਣੇ ਤੋਂ ਪਹਿਲਾਂ ਅਤੇ ਬਾਅਦ, ਟਾਇਲਟ ਦੀ ਵਰਤੋਂ ਤੋਂ ਬਾਅਦ, ਬੱਚਿਆਂ ਦੀ ਸੰਭਾਲ ਤੋਂ ਬਾਅਦ, ਛਿਕਣ ਜਾਂ ਖੰਘਣ ਤੋਂ ਬਾਅਦ, ਜਾਨਵਰ ਨੂੰ ਛੂਹਣ ਤੋਂ ਬਾਅਦ ਤਾਂ ਜੋ ਅਸੀਂ ਆਪਣੇ ਆਪ, ਪਰਿਵਾਰ ਨੂੰ ਅਤੇ ਸਮਾਜ ਨੂੰ ਬਿਮਾਰੀਆਂ ਤੋਂ ਬਚਾ ਸਕੀਏ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਕੂਲਾਂ, ਆਂਗਣਵਾੜੀਆਂ, ਪੰਚਾਇਤ ਘਰਾਂ, ਹਸਪਤਾਲਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਵੀ ਹੱਥ ਧੋਣ ਦੀ ਵਿਧੀ ਸਿਖਾਈ ਜਾ ਰਹੀ ਹੈ ਅਤੇ ਜਨਤਾ ਵਿੱਚ ਇਸ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ । ਸੱਚਮੁੱਚ, ਸਾਫ ਹੱਥ ਸਿਰਫ ਸਰੀਰਕ ਸਿਹਤ ਲਈ ਹੀ ਨਹੀਂ, ਇਕ ਜ਼ਿੰਮੇਵਾਰ ਸਮਾਜ ਦੀ ਨਿਸ਼ਾਨੀ ਵੀ ਹਨ। ਆਓ ਇਸ ਸੰਦੇਸ਼ ਨੂੰ ਘਰ-ਘਰ ਤਕ ਪਹੁੰਚਾਈਏ ।