ਸਿਹਤ ਵਿਭਾਗ ਬਠਿੰਡਾ ਵੱਲੋਂ ਆਇਓਡੀਨ ਦੀ ਵਰਤੋਂ ਸਬੰਧੀ ਜਾਗਰੂਕਤਾ ਬੈਨਰ ਰਿਲੀਜ਼
ਅਸ਼ੋਕ ਵਰਮਾ
ਬਠਿੰਡਾ, 21 ਅਕਤੂਬਰ 2025 : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ. ਤਪਿੰਦਰਜੋਤ ਦੀ ਯੋਗ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ, ਸਕੂਲਾਂ ਕਾਲਜਾਂ ਅਤੇ ਜਨਤਕ ਥਾਵਾਂ 'ਤੇ ਗਲੋਬਲ ਆਇਓਡੀਨ ਡੈਂਫੀਸੈਂਸੀ ਡਿਸਆਰਡਰ ਪ੍ਰਵੈਨਸ਼ਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਦਫ਼ਤਰ ਸਿਵਲ ਸਰਜਨ ਵਿਖੇ ਆਇਓਡੀਨ ਸਬੰਧੀ ਜਾਗਰੂਕਤਾ ਬੈਨਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਤਪਿੰਦਰਜੋਤ ਨੇ ਦੱਸਿਆ ਕਿ ਹਰੇਕ ਸਾਲ 21 ਅਕਤੂਬਰ ਨੂੰ ਗਲੋਬਲ ਆਇਓਡੀਨ ਡੈਂਫੀਸੈਂਸੀ ਡਿਸਆਰਡਰ ਪ੍ਰਵੈਨਸ਼ਨ ਦਿਵਸ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਮੰਤਵ ਆਇਓਡੀਨ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਸਬੰਧੀ ਜਾਗਰੂਕ ਕਰਨਾ ਹੈ ਤਾਂ ਕਿ ਆਇਓਡੀਨ ਦੀ ਕਮੀ ਨਾਲ ਹੋਣ ਵਾਲੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਬਚਾਓ ਕੀਤਾ ਜਾ ਸਕੇ।
ਸਿਵਲ ਸਰਜਨ ਨੇ ਦੱਸਿਆ ਕਿ ਆਇਓਡੀਨ ਇੱਕ ਕੁਦਰਤੀ ਖੁਰਾਕੀ ਤੱਤ ਹੈ ਜੋ ਕਿ ਰੋਜ਼ਾਨਾ ਦੀ ਜਿੰਦਗੀ ਵਿੱਚ ਇੱਕ ਇਨਸਾਨ ਨੂੰ 150 ਮਾਈਕ੍ਰੋਗ੍ਰਾਮ (ਸੂਈ ਦੇ ਨੱਕੇ ਜਿੰਨਾ) ਚਾਹੀਦਾ ਹੈ। ਇਹ ਆਇਓਡੀਨ ਤੱਤ ਆਇਓਡਾਈਜ਼ਡ ਨਮਕ ਵਿੱਚੋਂ ਮਿਲਦਾ ਹੈ। ਗਰਭਵਤੀ ਔਰਤ ਨੂੰ ਬੱਚੇ ਦੇ ਦਿਮਾਗੀ, ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਤਿ ਜ਼ਰੂਰੀ ਹੈ। ਇਸ ਦੀ ਕਮੀ ਨਾਲ ਗਰਭਪਾਤ ਹੋਣਾ, ਸਰੀਰਕ ਨੁਕਸ ਵਾਲਾ ਬੱਚਾ ਪੈਦਾ ਹੋਣਾ, ਮਰਿਆ ਬੱਚਾ ਪੈਦਾ ਹੋਣਾ, ਬੱਚੇ ਨੂੰ ਬੋਲਾਪਣ, ਭੈਂਗਾਪਣ, ਬੋਨਾਪਣ, ਗਿੱਲੜ, ਥਾਇਰਾਇਡ ਆਦਿ ਰੋਗ ਲਗਦੇ ਹਨ।
ਉਨ੍ਹਾਂ ਦੱਸਿਆ ਕਿ ਹਮੇਸ਼ਾ ਸਹੀ ਕੰਪਨੀ ਦਾ ਮਿਆਰੀ ਆਇਓਡਾਈਜ਼ ਨਮਕ ਹੀ ਖਰੀਦਣਾ ਅਤੇ ਵਰਤੋਂ ਕਰਨੀ ਚਾਹੀਦੀ ਹੈ। ਨਮਕ ਦੀ ਥੈਲੀ ਉੱਪਰ ਚੜਦੇ ਸੂਰਜ਼ ਦੇ ਨਿਸ਼ਾਨ ਹੀ ਆਇਓਡੀਨ ਯੁਕਤ ਲੂਣ ਦੀ ਪਹਿਚਾਨ ਹੈ। ਘਰ ਵਿੱਚ ਵਰਤੀਆਂ ਜਾਣ ਵਾਲੀਆਂ ਖੁੱਲ੍ਹੀਆਂ ਨਮਕਦਾਨੀਆਂ ਵਿੱਚ ਆਇਓਡਾਈਜ਼ਡ ਨਮਕ ਨਹੀਂ ਰੱਖਣਾ ਚਾਹੀਦਾ, ਕਿੳਂਕਿ ਸਿੱਲੇ ਹੋਏ ਨਮਕ ਵਿੱਚੋਂ ਆਇਓਡੀਨ ਦੀ ਮਾਤਰਾ ਲਗਭਗ ਖਤਮ ਹੋ ਜਾਂਦੀ ਹੈ। ਇਸ ਲਈ ਨਮਕ ਨੂੰ ਢੱਕਣ ਨਾਲ ਬੰਦ ਕਰ ਕੇ ਰੱਖਿਆ ਜਾਵੇ ਤੇ ਨਮਕ ਦੀ ਸਹੀ ਸੰਭਾਲ ਕਰਨੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਲੂਣ ਨੂੰ ਹਮੇਸ਼ਾ ਹਵਾ ਨਾ ਲੱਗਣ ਵਾਲੇ ਬਰਤਨ (ਏਅਰ ਟਾਈਟ) ਵਿੱਚ ਰੱਖਣਾ ਚਾਹੀਦਾ ਹੈ, ਧੁੱਪ, ਸੇਕ, ਨਮੀ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਭੋਜਨ ਵਿੱਚ ਆਇਓਡੀਨ ਦੀ ਪੂਰਤੀ ਲਈ ਹਮੇਸ਼ਾ ਭੋਜਨ ਵਿੱਚ ਦੁੱਧ, ਦਹੀਂ, ਅੰਡਾ, ਮੱਛੀ ਅਤੇ ਸਮੁੰਦਰੀ ਭੋਜਨ ਦੀ ਵਰਤੋਂ ਕਰੋ। ਸ਼ਾਕਾਹਾਰੀ ਭੋਜਨ ਵਿਚ ਚੈਰੀ, ਅਨਾਨਾਸ ਤੇ ਹਰੀਆਂ ਫਲੀਆਂ ਆਦਿ ਵਿਚ ਵੀ ਪਾਇਆ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਜ਼ਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ, ਬੀ.ਈ.ਈ ਗਗਨਦੀਪ ਸਿੰਘ ਭੁੱਲਰ, ਸੀਨੀਅਰ ਫਾਰਮੇਸੀ ਅਫ਼ਸਰ ਸੁਖਵਿੰਦਰ ਸਿੰਘ ਸਿੱਧੂ ਅਤੇ ਅਸ਼ੋਕ ਕੁਮਾਰ ਐਸ.ਐਲ.ਟੀ ਆਦਿ ਹਾਜ਼ਰ ਸਨ।