ਸਿਹਤ ਵਿਭਾਗ ਨਥਾਣਾ ਦੀਆਂ ਟੀਮਾਂ ਨੇ ਮਲੇਰੀਆ ਤੋਂ ਬਚਾਓ ਲਈ ਦਿੱਤੀ ਲੋਕਾਂ ਨੂੰ ਜਾਣਕਾਰੀ
ਅਸ਼ੋਕ ਵਰਮਾ
ਨਥਾਣਾ, 16 ਜੂਨ 2025:ਪੰਜਾਬ ਸਰਕਾਰ ਅਤੇ ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਸਿਹਤ ਵਿਭਾਗ ਨਥਾਣਾ ਵੱਲੋਂ ਜੂਨ ਮਹੀਨੇ ਨੂੰ ਮਲੇਰੀਆ ਵਿਰੋਧੀ ਮਹੀਨਾ ਵਜੋਂ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸਿਹਤ ਟੀਮਾਂ ਵਲੋਂ ਪਿੰਡਾਂ ਵਿਚ ਮਲੇਰੀਆ ਸੰਬੰਧੀ ਜਾਗਰੂਕਤਾ ਮੁਹਿੰਮ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਸਿਹਤ ਕਰਮਚਾਰੀਆਂ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਮਲੇਰੀਆ ਦੇ ਕਾਰਨ, ਲੱਛਣ, ਬਚਾਅ ਅਤੇ ਇਲਾਜ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਲਈ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਬਰਕਰਾਰ ਰੱਖਣ, ਠੰਢੇ ਪਾਣੀ ਵਾਲੀਆਂ ਥਾਵਾਂ ’ਚ ਮੱਛਰਾਂ ਦੀ ਪੈਦਾਇਸ਼ ਰੋਕਣ ਲਈ ਅਤੇ ਸੌਣ ਸਮੇਂ ਮੱਛਰਦਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਮੈਡੀਕਲ ਅਫਸਰ ਡਾ. ਸਤਵਿੰਦਰ ਸਿੰਘ ਨੇ ਦੱਸਿਆ ਕਿ ਮਲੇਰੀਆ ਬੁਖਾਰ ਇੱਕ ਕਿਸਮ ਦੀ ਛੂਤ ਵਾਲੀ ਬਿਮਾਰੀ ਹੈ ਜੋ ਮੱਛਰਾਂ ਕਾਰਨ ਹੁੰਦੀ ਹੈ। ਜੋ ਕਿ ਮਾਦਾ ਐਨਫਿਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ।
ਉਹਨਾਂ ਕਿਹਾ ਕਿ ਮਲੇਰੀਆ ਤੋਂ ਬਚਾਅ ਸਿਰਫ਼ ਦਵਾਈਆਂ ਨਾਲ ਨਹੀਂ, ਸਾਫ਼-ਸਫਾਈ ਅਤੇ ਲੋਕਾਂ ਦੀ ਸਜੱਗਤਾ ਨਾਲ ਹੀ ਸੰਭਵ ਹੈ। ਇਸ ਲਈ ਲੋਕਾਂ ਨੂੰ ਇਨ੍ਹਾਂ ਮੌਸਮੀ ਬੀਮਾਰੀਆਂ ਤੋਂ ਸੁਚੇਤ ਹੋਣਾ ਲਾਜਮੀ ਹੈ ਕਿਉਂਕਿ ਮਲੇਰੀਆ ਦੀ ਬਿਮਾਰੀ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਗਰਭਵਤੀ ਔਰਤਾਂ ਵਿੱਚ ਮਲੇਰੀਆ ਹੁੰਦਾ ਹੈ, ਤਾਂ ਮਾਂ ਵਿੱਚ ਅਨੀਮੀਆ, ਜਨਮ ਤੋਂ ਬਾਅਦ ਮੌਤ ਦਰ ਅਤੇ ਬੱਚੇ ਦਾ ਘੱਟ ਵਜ਼ਨ ਵਰਗੀਆਂ ਸਮੱਸਿਆਵਾਂ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਗਰਮੀਆਂ ਦਾ ਮਕਸਦ ਪਿੰਡ ਪੱਧਰ ’ਤੇ ਡੇਂਗੂ ਮਲੇਰੀਆ ਦੀ ਰੋਕਥਾਮ ਕਰਨੀ ਅਤੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਲਈ ਲੋਕ ਇਸ ਮੁਹਿੰਮ ਨਾਲ ਜੁੜਨ ਤੇ ਆਪਣੀ ਭੂਮਿਕਾ ਨਿਭਾਉਣ।
ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਸਿਹਤ ਸੁਪਰਵਾਈਜਰ ਅਜੈ ਕੁਮਾਰ ਨੇ ਲੋਕਾਂ ਨੂੰ ਮਲੇਰੀਆ ਬਾਰੇ, ਮੱਛਰਾਂ ਤੋਂ ਬਚਣ ਦੇ ਵੱਖ-ਵੱਖ ਤਰੀਕਿਆਂ ਬਾਰੇ, ਆਪਣਾ ਆਲਾ-ਦੁਆਲਾ ਸਾਫ਼ ਰੱਖਣ, ਪਾਣੀ ਖੜ੍ਹਾ ਨਾ ਹੋਣ ਦੇਣ, ਮੱਛਰਦਾਨੀ ਦੀ ਵਰਤੋਂ ਕਰਨ ਅਤੇ ਹਰ ਹਫ਼ਤੇ ਕੂਲਰਾਂ, ਗਮਲਿਆਂ, ਫਰਿੱਜਾਂ ਨੂੰ ਸਾਫ਼ ਕਰਨ ਲਈ ਜਾਣਕਾਰੀ ਦਿੱਤੀ।
ਇਸ ਮੌਕੇ ਲੋਕਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਨਾਲੀਆਂ ਅਤੇ ਛੱਪੜਾਂ ਵਿੱਚ ਕਾਲਾ ਸੜਿਆ ਹੋਇਆ ਤੇਲ ਵੀ ਪਾਉਣ ਲਈ ਵੀ ਕਿਹਾ ਤਾਂ ਜੋ ਖੜ੍ਹੇ ਪਾਣੀ ਵਿੱਚ ਮੱਛਰ ਪੈਦਾ ਨਾ ਹੋਣ। ਇਸ ਤੋਂ ਇਲਾਵਾ ਰਾਤ ਨੂੰ ਸੌਂਦੇ ਸਮੇਂ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣ ਅਤੇ ਮੱਛਰ ਭਜਾਊ ਯੰਤਰਾਂ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬੁਖਾਰ ਹੋਣ ਦੀ ਸੂਰਤ ਵਿਚ ਆਪਣੇ ਨੇੜਲੇ ਸਰਕਾਰੀ ਹਸਪਤਾਲ ਜਾਂ ਸਬ-ਸੈਂਟਰ ਵਿੱਚ ਆਪਣੀ ਜਾਂਚ ਕਰਵਾਉਣ ਜਾਂ ਡਾਕਟਰੀ ਸਲਾਹ ਲੈਣ ਲਈ ਕਿਹਾ।ਇਸ ਮੌਕੇ ਸਿਹਤ ਸੁਪਰਵਾਈਜਰ ਸੁਰਜੀਤ ਸਿੰਘ ਤੇ ਬਲਵੀਰ ਸਿੰਘ, ਸਿਹਤ ਵਰਕਰ ਮਨਪ੍ਰੀਤ ਸਿੰਘ, ਸੁਰਜੀਤ ਸਿੰਘ, ਮਨਜਿੰਦਰ ਸਿੰਘ ਸੇਮਾ, ਗੁਰਦਾਸ ਸਿੰਘ ਪਤਵਿੰਦਰ ਸਿੰਘ ਹਾਜ਼ਰ ਸਨ।