ਸਿਹਤ ਮੰਤਰੀ ਵੱਲੋਂ ਵਿਲੇਜ ਹੈਲਥ ਕਮੇਟੀਆਂ ਨੂੰ "ਹਰ ਸ਼ੁਕਰਵਾਰ ਡੇਂਗੂ ਤੇ ਵਾਰ" ਮੁਹਿੰਮ ਦੀ ਕਮਾਨ ਸੰਭਾਲਣ ਦੀ ਅਪੀਲ
ਹਰਜਿੰਦਰ ਸਿੰਘ ਭੱਟੀ
- ਮੋਹਾਲੀ ਨੇੜਲੇ ਪਿੰਡ ਬੜਮਾਜਰਾ ਵਿਖੇ ਸ਼ੁੱਕਰਵਾਰ ਨੂੰ ਕੀਤਾ ਲੋਕਾਂ ਨੂੰ ਡੇਂਗੂ ਬੁਖ਼ਾਰ ਪ੍ਰਤੀ ਜਾਗਰੂਕ
- ਸਕੂਲੀ ਵਿਦਿਆਰਥੀਆਂ ਨੂੰ ਡੇਂਗੂ ਬੁਖ਼ਾਰ ਤੋਂ ਬਚਾਅ ਦੇ ਗੁਰ ਦੱਸੇ ਅਤੇ ਹਰ ਸ਼ੁਕਰਵਾਰ ਘਰਾਂ ਵਿੱਚ ਖੜੇ ਪਾਣੀ ਨੂੰ ਸਾਫ ਕਰਨ ਲਈ ਪ੍ਰੇਰਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਜੁਲਾਈ 2025 - ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ "ਹਰ ਸ਼ੁਕਰਵਾਰ ਡੇਂਗੂ ਤੇ ਵਾਰ" ਮੁਹਿੰਮ ਦੀ ਅਗਵਾਈ ਕਰਦਿਆਂ ਅੱਜ ਮੋਹਾਲੀ ਨੇੜਲੇ ਪਿੰਡ ਬੜਮਾਜਰਾ ਵਿਖੇ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਬੁਖ਼ਾਰ ਲਈ ਜ਼ਿੰਮੇਵਾਰ ਮੱਛਰ ਦੇ ਲਾਰਵੇ ਨੂੰ ਨਸ਼ਟ ਕਰਨ ਲਈ ਜਾਗਰੂਕ ਕੀਤਾ।
ਉਨਾਂ ਨੇ ਵਿਲੇਜ ਹੈਲਥ ਕਮੇਟੀਆਂ ਨੂੰ ਆਪੋ ਆਪਣੇ ਪਿੰਡ ਵਿੱਚ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਬੁਖਾਰਾਂ ਤੋਂ ਲੋਕਾਂ ਨੂੰ ਬਚਾਉਣ ਲਈ ਕਮਾਨ ਸੰਭਾਲਣ ਦੀ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ, ਜਿਸ ਨੂੰ ਨਸ਼ਟ ਕਰਨ ਲਈ ਹਫਤੇ 'ਚ ਇਕ ਦਿਨ ਖੜ੍ਹੇ ਪਾਣੀ ਨੂੰ ਖਾਲੀ ਕਰਨਾ ਹੀ ਕਾਫੀ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਕੂਲਰਾਂ ਵਿਚਲੇ ਪਾਣੀ, ਫਰਿਜਾਂ ਦੀਆਂ ਪਿਛਲੀਆਂ ਟਰੇਆਂ ਵਿੱਚ ਖੜ੍ਹੇ ਪਾਣੀ, ਗਮਲਿਆਂ ਵਿੱਚ ਖੜ੍ਹੇ ਪਾਣੀ ਨੂੰ ਹਰ ਸ਼ੁਕਰਵਾਰ ਨਿਯਮਤ ਤੌਰ ਤੇ ਸਾਫ ਕਰਨ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ, ਜਿਸ ਨਾਲ ਅਸੀਂ ਡੇਂਗੂ ਲਈ ਜਿੰਮੇਵਾਰ ਏਡੀਜ਼ ਮੱਛਰ ਦੇ ਲਾਰਵੇ ਨੂੰ ਬਾਲਗ ਬਣਨ ਤੋਂ ਪਹਿਲਾਂ ਹੀ ਖਤਮ ਕਰ ਸਕਦੇ ਹਾਂ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਵਿਲੇਜ ਹੈਲਥ ਕਮੇਟੀਆਂ ਵਿੱਚ ਪਿੰਡ ਦੀ ਪੰਚਾਇਤ, ਸਕੂਲਾਂ ਦੇ ਅਧਿਆਪਕ, ਆਂਗਣਵਾੜੀ ਵਰਕਰ ਅਤੇ ਆਸ਼ਾ ਵਰਕਰ ਸ਼ਾਮਿਲ ਹੁੰਦੇ ਹਨ, ਜਿਨਾਂ ਦਾ ਇੱਕੋ ਇੱਕ ਨਿਸ਼ਾਨਾ ਪਿੰਡ ਦੇ ਲੋਕਾਂ ਨੂੰ ਖੜ੍ਹੇ ਪਾਣੀ ਨੂੰ ਹਫਤੇ ਚ ਇੱਕ ਦਿਨ ਖਾਲੀ ਕਰਨ ਲਈ ਜਾਗਰੂਕ ਕਰਨਾ ਹੈ ਅਤੇ ਖੁਦ ਵੀ ਹਰ ਸ਼ੁਕਰਵਾਰ ਪਿੰਡ ਦੇ ਹਰ ਘਰ ਜਾ ਕੇ ਲੋਕਾਂ ਨੂੰ ਇਸ ਕੰਮ ਲਈ ਪ੍ਰੇਰਨਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਸਾਰੇ ਆਪੋ ਆਪਣੀ ਜਿੰਮੇਵਾਰੀ ਸਮਝ ਲਈਏ ਤਾਂ ਅਸੀਂ ਆਪੋ ਆਪਣੇ ਘਰ, ਸਕੂਲ, ਪੰਚਾਇਤ ਘਰ ਅਤੇ ਹੋਰ ਇਮਾਰਤਾਂ ਨੂੰ ਡੇਂਗੂ ਮੱਛਰ ਦੇ ਲਾਰਵੇ ਤੋਂ ਯਕੀਨਨ ਬਚਾ ਸਕਦੇ ਹਾਂ। ਉਹਨਾਂ ਕਿਹਾ ਕਿ ਡੇਂਗੂ ਬੁਖ਼ਾਰ ਦਾ ਮੱਛਰ ਖੜ੍ਹੇ ਸਾਫ ਪਾਣੀ ਵਿੱਚ ਹੀ ਪੈਦਾ ਹੋਣ ਕਾਰਨ, ਸਾਨੂੰ ਖੜ੍ਹੇ ਸਾਫ ਪਾਣੀ ਨੂੰ ਹਫਤੇ ਵਿੱਚ ਇੱਕ ਦਿਨ ਜ਼ਰੂਰ ਬਦਲ ਦੇਣਾ ਚਾਹੀਦਾ ਹੈ। ਜਿਸ ਨਾਲ ਨਾ ਕੇਵਲ ਅਸੀਂ, ਬਲਕਿ ਸਾਡੇ ਪਰਿਵਾਰ ਦੇ ਹੋਰ ਮੈਂਬਰ ਵੀ ਡੇਂਗੂ ਦੀ ਮਾਰ ਤੋਂ ਬਚ ਸਕਦੇ ਹਨ।
ਉਹਨਾਂ ਨੇ ਇਸ ਮੌਕੇ ਸਰਕਾਰੀ ਸਕੂਲ ਬੜਮਾਜਰਾ ਵਿਖੇ ਵਿਲੇਜ ਹੈਲਥ ਕਮੇਟੀ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਹਰ ਸ਼ੁੱਕਰਵਾਰ ਵਿਲਜ ਹੈਲਥ ਕਮੇਟੀਆਂ ਕਰਨਗੀਆਂ ਡੇਂਗੂ ਤੇ ਵਾਰ ਮੁਹਿੰਮ ਦੀ ਸੂਬਾ ਪੱਧਰੀ ਸ਼ੁਰੂਆਤ ਵੀ ਕੀਤੀ ਅਤੇ ਡੇਂਗੂ ਬੁਖ਼ਾਰ ਦੀ ਰੋਕਥਾਮ ਲਈ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ।
ਵਿਦਿਆਰਥੀਆਂ ਨਾਲ ਸੰਵਾਦ ਰਚਾਉਂਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਨੇ ਉਹਨਾਂ ਨੂੰ ਆਪਣੀ ਸਿਹਤ ਅਤੇ ਪੌਸ਼ਟਿਕ ਖਾਣੇ ਦਾ ਨਿਯਮਤ ਰੂਪ ਵਿੱਚ ਧਿਆਨ ਰੱਖਣ ਲਈ ਕਿਹਾ। ਉਹਨਾਂ ਕਿਹਾ ਕਿ ਖਾਣਾ ਖਾਣ ਤੋਂ ਪਹਿਲਾਂ ਹਮੇਸ਼ਾ ਹੱਥ ਧੋਏ ਜਾਣ। ਸਫਾਈ ਦਾ ਖਿਆਲ ਰੱਖਿਆ ਜਾਵੇ। ਦੰਦਾਂ ਅਤੇ ਅੱਖਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ। ਉਹਨਾਂ ਨੇ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਕਿ ਵਿਦਿਆਰਥੀਆਂ ਦੀ ਸਿਹਤ ਸੰਭਾਲ ਪ੍ਰਤੀ ਉਹ ਸਕੂਲ ਵਿੱਚ ਚੇਤੰਨ ਰਹਿਣ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੇ ਸਿਹਤ ਜਾਂਚ ਦੌਰਿਆਂ ਦੌਰਾਨ, ਜਿਸ ਕਿਸੇ ਵਿਦਿਆਰਥੀ ਬਾਰੇ ਉਹਨਾਂ ਨੂੰ ਕੋਈ ਖਾਸ ਲੱਛਣ ਨਜ਼ਰ ਆਉਂਦਾ ਹੈ, ਟੀਮ ਨੂੰ ਦੱਸਿਆ ਜਾਵੇ। ਉਹਨਾਂ ਨੇ ਸਕੂਲਾਂ ਵਿੱਚ ਦੇਸੀ ਬੂਟੇ, ਜਿਨ੍ਹਾਂ ਵਿੱਚ ਫਲਾਂ ਆਦਿ ਦੇ ਬੂਟੇ ਵੀ ਸ਼ਾਮਿਲ ਹੋਣ, ਲਾਉਣ ਤੇ ਜ਼ੋਰ ਦਿੱਤਾ ਤਾਂ ਜੋ ਵਿਦਿਆਰਥੀ ਜਿੱਥੇ ਕੁਦਰਤ ਪ੍ਰੇਮੀ ਹੋ ਸਕਣ ਉਥੇ ਇਹਨਾਂ ਬੂਟਿਆਂ ਦੇ ਫਲ ਖਾ ਕੇ ਸਿਹਤਮੰਦ ਵੀ ਰਹਿਣ।
ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ, ਐਸ ਡੀ ਐਮ ਮੋਹਾਲੀ ਦਮਨਦੀਪ ਕੌਰ, ਸਿਵਲ ਸਰਜਨ ਡਾ. ਸੰਗੀਤਾ ਜੈਨ, ਸਟੇਟ ਨੋਡਲ ਅਫ਼ਸਰ ਡਾ. ਅਰਸ਼ਦੀਪ ਕੌਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਆਦਿ ਮੌਜੂਦ ਸਨ।