ਸਭਿਆਚਾਰ ਚੇਤਨਾ ਮੰਚ ਦੇ ਹਰਵਿੰਦਰ ਸਿੰਘ ਮਾਨਸ਼ਾਹੀਆ ਪ੍ਰਧਾਨ ਤੇ ਹਰਦੀਪ ਸਿੰਘ ਸਿੱਧੂ ਜਨਰਲ ਸਕੱਤਰ ਬਣੇ
ਅਸ਼ੋਕ ਵਰਮਾ
ਮਾਨਸਾ, 21 ਨਵੰਬਰ2025: ਸਭਿਆਚਾਰ ਚੇਤਨਾ ਮੰਚ ਮਾਨਸਾ ਦੀ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਹਰਿੰਦਰ ਸਿੰਘ ਮਾਨਸ਼ਾਹੀਆ ਪ੍ਰਧਾਨ,ਹਰਦੀਪ ਸਿੰਘ ਸਿੱਧੂ ਜਨਰਲ ਸਕੱਤਰ , ਪ੍ਰਿਤਪਾਲ ਸਿੰਘ ਮੁੜ ਵਿੱਤ ਸਕੱਤਰ ਚੁਣੇ ਗਏ। ਮੰਚ ਵੱਲੋਂ ਜਨਵਰੀ ਮਹੀਨੇ ਧੀਆਂ ਨੂੰ ਸਮਰਪਿਤ ਲੋਹੜੀ ਮੇਲਾ ਕਰਵਾਉਣ ਦਾ ਫੈਸਲਾ ਕੀਤਾ ਹੈ।
ਮੰਚ ਦੇ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਭਿਆਚਾਰ ਚੇਤਨਾ ਮੰਚ ਮਾਨਸਾ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਧੀਆਂ ਨੂੰ ਸਮਰਪਿਤ ਲੋਹੜੀ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਵਾਰ ਇਹ ਮੇਲਾ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਕਰਵਾਇਆ ਜਾ ਰਿਹਾ ਹੈ,ਜਿਸ ਦੀਆਂ ਤਾਰੀਖਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਹੜੀ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਵਿਚੋਂ ਮੋਹਰੀ ਪ੍ਰਾਪਤੀਆਂ ਕਰਨ ਵਾਲੀਆਂ ਮਾਨਸਾ ਜ਼ਿਲ੍ਹੇ ਦੀਆਂ 21 ਹੋਣਹਾਰ ਧੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਹੁਣ ਤੱਕ 1000 ਤੋਂ ਵੱਧ ਹੋਣਹਾਰ ਧੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ, ਇਨ੍ਹਾਂ ਹੋਣਹਾਰ ਧੀਆਂ ਤੋਂ ਹੋਰਨਾਂ ਲੜਕੀਆਂ ਨੂੰ ਵੀ ਆਪਣੇ ਖੇਤਰਾਂ ਚ ਚੰਗਾ ਨਾਮਣਾ ਖੱਟਣ ਲਈ ਉਤਸ਼ਾਹ ਮਿਲਦਾ ਹੈ।
ਮੰਚ ਦੇ ਮੁੜ ਪ੍ਰਧਾਨ ਬਣੇ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਤੋਂ ਲੋਹੜੀ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸਖਸ਼ੀਅਤਾਂ ਵੀ ਵਿਸ਼ੇਸ਼ ਸ਼ਿਰਕਤ ਕਰਦੀਆਂ ਰਹੀਆਂ ਹਨ, ਜਿਨ੍ਹਾਂ ਦੇ ਉਤਸ਼ਾਹ ਪੂਰਵਕ ਵਿਚਾਰ ਸਭਨਾਂ ਲਈ ਪ੍ਰੇਰਣਾ ਬਣਦੇ ਹਨ। ਉਨ੍ਹਾਂ ਦੱਸਿਆ ਕਿ ਮੰਚ ਮੈਂਬਰ ਕੁਦਰਤੀ ਆਫ਼ਤਾਂ ਵੇਲੇ ਜਾਂ ਸਮੇਂ ਸਮੇਂ ਲੋੜਵੰਦ ਪਰਿਵਾਰਾਂ, ਲੋੜਵੰਦ ਵਿਦਿਆਰਥੀਆਂ ਦੀ ਮੱਦਦ ਲਈ ਕਾਰਜ ਕਰਦੇ ਰਹਿੰਦੇ ਹਨ। ਸਾਰੇ ਹੀ ਮੈਂਬਰ ਸਮਰਪਿਤ ਹੋ ਕੇ ਹਰ ਕਾਰਜ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹਨ।
ਮੰਚ ਦੀ ਚੋਣ ਮੌਕੇ ਮੰਚ ਦੇ ਸੀਨੀਅਰ ਆਗੂ ਬਲਰਾਜ ਨੰਗਲ,ਰਾਜ ਜੋਸ਼ੀ, ਬਲਜਿੰਦਰ ਸੰਗੀਲਾ,ਕੇਵਲ ਸਿੰਘ, ਜਗਸੀਰ ਸਿੰਘ ਢਿਲੋਂ,ਹਰਜੀਵਨ ਸਿੰਘ ਸਰਾਂ ਹਾਜ਼ਰ ਸਨ, ਜਿੰਨਾਂ ਨੇ ਲੋਹੜੀ ਮੇਲੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਉਣ ਲਈ ਆਪਣੇ ਬਹੁਮੁੱਲੇ ਸੁਝਾਅ ਪੇਸ਼ ਕੀਤੇ।