ਸਫਾਈ ਨਾ ਹੋਣ ਕਰਕੇ ਨਗਰ ਨਿਗਮ ਕਮਿਸ਼ਨਰ ਨੂੰ ਲਿਖਿਆ ਸ਼ਿਕਾਇਤ ਪੱਤਰ
ਸੁਖਮਿੰਦਰ ਭੰਗੂ
ਲੁਧਿਆਣਾ 12 ਜੁਲਾਈ 2025 - ਪਿਛਲੇ ਕਾਫੀ ਤੋਂ ਅਰਸੇ ਤੋਂ ਸਫਾਈ ਨਾ ਹੋਣ ਕਰਕੇ ਉੱਘੇ ਸਮਾਜ ਸੇਵਕ ਅਤੇ ਆਰਟੀਆਈ ਸਕੱਤਰ ਅਰਵਿੰਦ ਸ਼ਰਮਾ ਵੱਲੋਂ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੂੰ ਸ਼ਿਕਾਇਤ ਭੇਜੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਮਾਡਲ ਟਾਊਨ ਵਿੱਚ ਸਫਾਈ ਦੀ ਹਾਲਤ ਬਹੁਤ ਮਾੜੀ ਹੈ। ਗੰਦਗੀ ਨਾਲ ਭਰੀਆਂ ਜਾਲੀਆਂ ਕਾਰਨ ਜਦੋਂ ਬਰਸਾਤ ਦਾ ਮੌਸਮ ਆਉਂਦਾ ਹੈ, ਤਾਂ ਮੀਂਹ ਦਾ ਪਾਣੀ ਕਈ ਘੰਟਿਆਂ ਤੱਕ ਸੜਕਾਂ 'ਤੇ ਰਹਿੰਦਾ ਹੈ। ਸਫਾਈ ਨਾ ਹੋਣ ਕਰਕੇ ਅਤੇ ਬਰਸਾਤਾਂ ਦੇ ਦਿਨ ਹੋਣ ਕਰਕੇ ਡੇਂਗੂ ਅਤੇ ਮਲੇਰੀਏ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਸਫ਼ਾਈ ਦੀ ਘਾਟ ਕਾਰਨ ਹਰ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਹਨ।
ਗੋਲ ਮਾਰਕੀਟ ਦੇ ਪਿੱਛੇ ਰਿਹਾਇਸ਼ੀ ਇਲਾਕੇ ਵਿੱਚ ਕੂੜੇ ਦੇ ਢੇਰ ਜਮਾਂ ਹੋਏ ਪਏ ਹਨ। ਸੜਕਾਂ ਦੇ ਨਾਲੇ ਸਾਫ਼ ਨਹੀਂ ਹਨ। ਥੋੜ੍ਹੀ ਜਿਹੀ ਬਾਰਿਸ਼ ਨਾਲ ਹੀ ਸੜਕਾਂ 'ਤੇ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਹੈ। ਮਿੰਟ ਗੁਮਰੀ ਚੌਕ ਦੇ ਨੇੜੇ ਪਾਰਕ ਦੇ ਅੰਦਰ ਅਤੇ ਬਾਹਰ ਕੂੜੇ ਦੇ ਢੇਰ ਹਨ । ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਭਿਆਨਕ ਬਿਮਾਰੀ ਫੈਲ ਸਕਦੀ ਹੈ। ਅਰਵਿੰਦ ਸ਼ਰਮਾਂ ਨੇ ਦੱਸਿਆ ਕਿ ਉਹ ਇਸ ਸ਼ਿਕਾਇਤ ਤੋਂ ਬਾਅਦ ਉਮੀਦ ਕਰਦੇ ਹਨ ਕਿ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਜਦੋਂ ਇਸ ਸਬੰਧ ਵਿੱਚ ਨਗਰ ਨਿਗਮ ਦੇ ਅਧਿਕਾਰੀ ਵਿਪੁਲ ਮਲਹੋਤਰਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਤੇ ਕੱਲ੍ਹ ਤਾਂ ਛੁੱਟੀ ਹੈ ਤੇ ਸੋਮਵਾਰ ਨੂੰ ਇਹ ਸਫਾਈ ਹੋਏਗੀ।