ਵੱਡੀ ਖ਼ਬਰ: ਸਾਬਕਾ ਅਕਾਲੀ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਭਰਾ ਰਣਜੀਤ ਸਿੰਘ ਭਗੌੜੇ ਕਰਾਰ
ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਨੇ ਸੁਣਾਇਆ ਫੈਸਲਾ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ/ਰਈਆ, 5 ਫਰਵਰੀ 2026: ਅਕਾਲੀ-ਭਾਜਪਾ ਸਰਕਾਰ ਸਮੇਂ ਵਿਧਾਇਕ ਰਹੇ ਮਨਜੀਤ ਸਿੰਘ ਮੰਨਾ ਅਤੇ ਉਨ੍ਹਾਂ ਦੇ ਭਰਾ ਰਣਜੀਤ ਸਿੰਘ ਨੂੰ ਮਾਣਯੋਗ ਜੁਡੀਸ਼ੀਅਲ ਮੈਜਿਸਟਰੇਟ ਮਿਸ ਰਮਨਦੀਪ ਕੌਰ ਦੀ ਅਦਾਲਤ ਵੱਲੋਂ ਭਗੌੜਾ (Proclaimed Offender) ਕਰਾਰ ਦਿੱਤਾ ਗਿਆ ਹੈ। ਇਹ ਮਾਮਲਾ ਸਾਲ 2015 ਵਿੱਚ ਇੱਕ ਵਰਕਰ ਦੀ ਕੁੱਟਮਾਰ ਅਤੇ ਬੇਅਦਬੀ ਕਰਨ ਨਾਲ ਸਬੰਧਤ ਹੈ।
ਕੀ ਸੀ ਪੂਰਾ ਮਾਮਲਾ?
18 ਸਤੰਬਰ 2015 ਨੂੰ ਥਾਣਾ ਖਿਲਚੀਆ ਦੇ ਖੇਤਰ ਵਿੱਚ ਇੱਕ ਝਗੜਾ ਹੋਇਆ ਸੀ। ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਉਨ੍ਹਾਂ ਦੇ ਭਰਾ ਰਣਜੀਤ ਸਿੰਘ, ਹਰਜੀਤ ਸਿੰਘ ਅਤੇ ਸਾਥੀਆਂ 'ਤੇ ਆਪਣੀ ਹੀ ਪਾਰਟੀ ਦੇ ਵਰਕਰ ਪੂਰਨ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਦੋਸ਼ ਹੈ। ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਪੂਰਨ ਸਿੰਘ ਦੀ ਪੱਗ ਉਤਾਰੀ ਅਤੇ ਕੇਸਾਂ/ਦਾਹੜੀ ਦੀ ਬੇਅਦਬੀ ਕੀਤੀ। ਉਸ ਸਮੇਂ ਵਿਧਾਇਕ ਦੀ ਰਾਜਨੀਤਿਕ ਪਹੁੰਚ ਕਾਰਨ ਪੁਲਿਸ ਨੇ ਕੋਈ ਕੇਸ ਦਰਜ ਨਹੀਂ ਸੀ ਕੀਤਾ, ਜਿਸ ਤੋਂ ਬਾਅਦ ਪੀੜਤ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ।
ਸਾਲ 2019 ਵਿੱਚ ਅਦਾਲਤ ਨੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਸਾਰੇ ਦੋਸ਼ੀਆਂ ਵਿਰੁੱਧ ਧਾਰਾ 326, 324, 323, 341, 148, 149 ਤਹਿਤ ਸੰਮਨ ਜਾਰੀ ਕੀਤੇ ਸਨ। ਲਗਾਤਾਰ ਗੈਰ-ਹਾਜ਼ਰ ਰਹਿਣ ਕਾਰਨ ਅਦਾਲਤ ਨੇ 29 ਮਈ 2025 ਨੂੰ ਮਨਜੀਤ ਸਿੰਘ ਮੰਨਾ, ਰਣਜੀਤ ਸਿੰਘ ਅਤੇ ਹਰਜੀਤ ਸਿੰਘ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ। ਜਦੋਂ ਦੋਸ਼ੀ ਫਿਰ ਵੀ ਪੇਸ਼ ਨਾ ਹੋਏ, ਤਾਂ ਅਦਾਲਤ ਨੇ 31 ਜਨਵਰੀ 2026 ਨੂੰ ਮਨਜੀਤ ਸਿੰਘ ਮੰਨਾ ਅਤੇ ਰਣਜੀਤ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ।
ਅਦਾਲਤ ਨੇ ਇਸ ਸਬੰਧੀ ਥਾਣਾ ਮੁੱਖੀ ਖਿਲਚੀਆ ਨੂੰ ਕਿਹਾ ਕਿ ਕੇਸ ਦੇ ਬਾਕੀ ਦੋਸ਼ੀਆਂ ਵਿਰੁੱਧ ਗਵਾਹੀ ਲਈ ਅਗਲੀ ਤਾਰੀਕ 16 ਫਰਵਰੀ 2026 ਨਿਸ਼ਚਿਤ ਕੀਤੀ ਗਈ ਹੈ।