ਨਿਊਜ਼ੀਲੈਂਡ: ਤਿੰਨ ਮਿੰਟ ’ਚ ਮਿਲੇਗਾ ਆਟੋਮੈਟਿਕ ਤਿਆਰ ਪੀਜ਼ਾ
ਨਿਊਜ਼ੀਲੈਂਡ ’ਚ ਲੱਗ ਰਹੀਆਂ ਹਨ ਪੀਜ਼ਾ ਵੈਂਡਿੰਗ ਮਸ਼ੀਨਾਂ ਦੇਸੀ ਦਿਮਾਗ ਤੇ ਵਿਦੇਸ਼ੀ ਮਸ਼ੀਨ, ਵਪਾਰ ਦੀ ਦੁਨੀਆ ਕਰੇਗੀ ਰੰਗੀਨ
-ਸੁਖਨਾ ਲੇਕ ਪਹਿਲਾਂ ਹੀ ਲੱਗ ਚੁੱਕੀ ਹੈ ਅਜਿਹੀ ਮਸ਼ੀਨ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 05 ਫਰਵਰੀ 2026:-ਨਿਊਜ਼ੀਲੈਂਡ ਦੇ ਵਿਚ ਦੇਸੀ ਦਿਮਾਗ ਤੇ ਵਿਦੇਸ਼ੀ ਮਸ਼ੀਨ ਵਪਾਰ ਦੀ ਦੁਨੀਆ ਨੂੰ ਹੁਣ ਹੋਈ ਰੰਗੀਨ ਕਰਨ ਜਾ ਰਹੀ ਹੈ। ਵਲਿੰਗਟਨ ਵਿਖੇ ਇਕ ਅਜਿਹੀ ਆਟੋਮੈਟਿਕ ਪੀਜ਼ਾ ‘ਐਨੀ ਟਾਈਮ ਇਜ ਪੀਜ਼ਾ ਟਾਈਮ’ ਵੈਂਡਿੰਗ ਮਸ਼ੀਨ ਸ਼ੁਰੂ ਹੋਣ ਜਾ ਰਹੀ ਹੈ, ਜਿਹੜੀ ਤਿੰਨ ਮਿੰਟ ਦੇ ਵਿਚ ਤੁਹਾਡੀ ਮਨ ਪਸੰਦ ਦੀਆਂ ਚਟਨੀਆ ਪਾ ਕੇ ਤੁਹਾਨੂੰ ਗਰਮਾ-ਗਰਮ ਪੀਜ਼ਾ ਮਿਲੇਗਾ। ਇਸ ਮਸ਼ੀਨ ਦੇ ਪਿੱਛੇ ਇਟਲੀ ਦੇ ਕਲਾਉਡੀਓ ਟੋਰਘੇਲ ਦਾ ਮੁੱਢਲਾ ਦਿਮਾਗ ਹੈ। ਇਸ ਪੀਜ਼ਾ ਵੈਂਡਿੰਗ ਮਸ਼ੀਨ, ਫੂਡ-ਟੈਕ ਦੀ ਦੁਨੀਆ ਵਿੱਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਈ ਹੈ, ਜਿਸ ਵਿੱਚ ਭਾਰਤੀ ਉਦਮੀਆਂ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ।
ਪੀਜ਼ਾ ਏ.ਟੀ.ਐਮ. ਦਾ ਇਤਿਹਾਸ ਅਤੇ ਭਾਰਤੀ ਸਬੰਧ: ਪੀਜ਼ਾ ਵੈਂਡਿੰਗ ਮਸ਼ੀਨਾਂ ਦਾ ਮੂਲ ਸੰਕਲਪ 2009 ਵਿੱਚ ਇਟਲੀ ਦੇ ਕਲਾਉਡੀਓ ਟੋਰਘੇਲ (Claudio Torghele) ਦੁਆਰਾ ‘ਲੈਟਸ ਪੀਜ਼ਾ’ ((Let’s Pizza) ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ। ਕਲਾਉਡੀਓ, ਜਿਨ੍ਹਾਂ ਨੇ ਅਮਰੀਕਾ ਵਿੱਚ ਪਾਸਤਾ ਫੈਕਟਰੀ ਚਲਾਉਂਦੇ ਹੋਏ ਭੋਜਨ ਉਦਯੋਗ ਦਾ ਡੂੰਘਾ ਤਜਰਬਾ ਹਾਸਲ ਕੀਤਾ, ਨੇ ਇੱਕ ਅਜਿਹੀ ਮਸ਼ੀਨ ਬਣਾਉਣ ਦਾ ਸੁਪਨਾ ਦੇਖਿਆ ਜੋ ਤਾਜ਼ੇ ਆਟੇ ਤੋਂ ਤੁਰੰਤ ਪੀਜ਼ਾ ਬਣਾ ਸਕੇ। ਉਨ੍ਹਾਂ ਦੀ ਇਸ ਕਾਢ ਨੇ ਅੱਜ ਦੀਆਂ ਨੌਮਨੌਮ (NomNom) ਵਰਗੀਆਂ ਆਧੁਨਿਕ ਮਸ਼ੀਨਾਂ ਲਈ ਰਾਹ ਪੱਧਰਾ ਕੀਤਾ।
ਰਮਨ ਮੈਕਰ: ਇਸ ਗਲੋਬਲ ਕਾਢ ਨੂੰ ਭਾਰਤੀ ਬਾਜ਼ਾਰ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਤੱਕ ਪਹੁੰਚਾਉਣ ਵਿੱਚ ਇੱਕ ਭਾਰਤੀ ਚਿਹਰੇ ਸ੍ਰੀ ਰਮਨ ਮੈਕਰ ਦਾ ਅਹਿਮ ਯੋਗਦਾਨ ਹੈ। ਰਮਨ ਮੈਕਰ, ਦੁਬਈ ਅਤੇ ਮੁੰਬਈ ਵਿੱਚ ਸਥਿਤ ਇੱਕ ਬਹੁ-ਪੱਖੀ ਉਦਯੋਗਪਤੀ ਅਤੇ ਨਿਵੇਸ਼ਕ ਯੇਹ ਫੂਡ ਟੈਕਨੌਲੌਜੀ ਲਿਮਟਿਡ ਦੇ ਸਹਿ-ਸੰਸਥਾਪਕ ਹਨ। ਇਹ ਕੰਪਨੀ ਹੀ ਲੈਟਸ ਪੀਜ਼ਾ ਬ੍ਰਾਂਡ ਦੀ ਮਾਲਕ ਹੈ ਅਤੇ ਇਸਦੇ ਤਹਿਤ ਨੌਮਨੌਮ (ਖਾਣਾ ਖਾਣ ਦੀ ਸੁਆਦਲੀ ਆਵਾਜ਼) ਵਰਗੀਆਂ ਮਸ਼ੀਨਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲਿਆ ਰਹੀ ਹੈ।
ਡੀ. ਕਰੁਣਾਕਰਨ: ਨਿਰਮਾਣ ਅਤੇ ਸਪਲਾਈ ਚੇਨ ਦਾ ਧੁਰਾ ਮਸ਼ੀਨਾਂ ਦੇ ਨਿਰਮਾਣ, ਸਪਲਾਈ ਚੇਨ ਪ੍ਰਬੰਧਨ ਅਤੇ ਵਿਕਰੇਤਾ ਵਿਕਾਸ ਵਿੱਚ 16 ਸਾਲਾਂ ਤੋਂ ਵੱਧ ਦਾ ਤਜਰਬਾ ਰੱਖਣ ਵਾਲੇ ਡੀ. ਕਰੁਣਾਕਰਨ, ਇਸ ਟੀਮ ਦੇ ਅਹਿਮ ਮੈਂਬਰ ਹਨ। ਉਹ ਯਕੀਨੀ ਬਣਾਉਂਦੇ ਹਨ ਕਿ ਨੌਮਨੌਮ ਮਸ਼ੀਨਾਂ ਦੀ ਗੁਣਵੱਤਾ ਅਤੇ ਉਤਪਾਦਨ ਉੱਚ ਮਾਪਦੰਡਾਂ ਅਨੁਸਾਰ ਹੋਵੇ ਅਤੇ ਲੋੜੀਂਦੀ ਸਮੱਗਰੀ ਸਮੇਂ ਸਿਰ ਉਪਲਬਧ ਹੋਵੇ।
ਕਿਵੇਂ ਕੰਮ ਕਰਦੀ ਹੈ ਅਤੇ ਇਸਦੇ ਫਾਇਦੇ? ਇਹ ਮਸ਼ੀਨ ਗਾਹਕ ਨੂੰ ਟੱਚ ਸਕਰੀਨ ਰਾਹੀਂ ਆਪਣੀ ਪਸੰਦ ਦਾ ਪੀਜ਼ਾ ਚੁਣਨ ਦੀ ਆਗਿਆ ਦਿੰਦੀ ਹੈ। ਅੰਦਰ, ਪਹਿਲਾਂ ਤੋਂ ਤਿਆਰ ਕੀਤੇ ਫਰੈਸ਼ ਡੋਅ ਉੱਤੇ ਆਟੋਮੈਟਿਕ ਤਰੀਕੇ ਨਾਲ ਸੌਸ ਅਤੇ ਟੌਪਿੰਗਜ਼ ਪਾਈਆਂ ਜਾਂਦੀਆਂ ਹਨ। ਫਿਰ, ਇੱਕ ਉੱਚ-ਤਾਪਮਾਨ ਵਾਲੇ ਇਨਫਰਾਰੈੱਡ ਓਵਨ ਵਿੱਚ ਸਿਰਫ਼ 180 ਤੋਂ 240 ਸੈਕਿੰਡਾਂ ਵਿੱਚ ਪੀਜ਼ਾ ਤਿਆਰ ਹੋ ਜਾਂਦਾ ਹੈ, ਅਤੇ ਇੱਕ ਗਰਮ ਬਾਕਸ ਵਿੱਚ ਪੈਕ ਹੋ ਕੇ ਬਾਹਰ ਆ ਜਾਂਦਾ ਹੈ।
ਭਾਰਤ ਵਿੱਚ ਚੰਡੀਗੜ੍ਹ ਦੀ ਸੁਖਨਾ ਝੀਲ ’ਤੇ ਭਾਰਤ ਦੀ ਪਹਿਲੀ ਪੀਜ਼ਾ ਸਥਾਪਤ ਹੋਣ ਤੋਂ ਬਾਅਦ, ਇਹ ਸੰਕਲਪ ਭਾਰਤ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਰਮਨ ਮੈਕਰ ਦੀ ਅਗਵਾਈ ਵਿੱਚ ਭਾਰਤ ਦੇ ਵਿਅਸਤ ਰੇਲਵੇ ਸਟੇਸ਼ਨਾਂ, ਹਵਾਈ ਅੱਡਿਆਂ, ਆਈ.ਟੀ. ਪਾਰਕਾਂ ਅਤੇ ਯੂਨੀਵਰਸਿਟੀਆਂ ਵਿੱਚ 24/7 ਤਾਜ਼ਾ, ਸਾਫ਼-ਸੁਥਰਾ ਅਤੇ ਸੁਆਦੀ ਭੋਜਨ ਮੁਹੱਈਆ ਕਰਵਾਉਣ ਦੀ ਸਮਰੱਥਾ ਰੱਖਦੀਆਂ ਹਨ। ਇਹ ਨਾ ਸਿਰਫ਼ ਉਪਭੋਗਤਾਵਾਂ ਲਈ ਇੱਕ ਸੁਵਿਧਾ ਹੈ, ਬਲਕਿ ਨਵੇਂ ਉਦਯੋਗਿਕ ਮੌਕੇ ਵੀ ਪੈਦਾ ਕਰਦਾ ਹੈ, ਖਾਸ ਕਰਕੇ ਉਨ੍ਹਾਂ ਲਈ ਜੋ ਘੱਟ ਲੇਬਰ ਨਾਲ ਵਧੇਰੇ ਕੁਸ਼ਲਤਾ ਚਾਹੁੰਦੇ ਹਨ।