ਸੰਗਰੂਰ ਕਾਂਡ 'ਚ ਵੱਡਾ ਖੁਲਾਸਾ: ਜਾਇਦਾਦ ਦੇ ਲਾਲਚ 'ਚ ਪੁੱਤ ਹੀ ਨਿਕਲਿਆ ਮਾਂ ਅਤੇ ਭੈਣ ਦਾ ਕਾਤਲ; ਕਤਲ ਕਰਕੇ ਕਾਰ ਨੂੰ ਲਗਾਈ ਸੀ ਅੱਗ
Babushahi Network
ਸੰਗਰੂਰ, 25 ਜਨਵਰੀ 2026: ਸੰਗਰੂਰ ਪੁਲਿਸ ਨੇ ਮਾਂ-ਧੀ ਦੀ ਮੌਤ ਦੇ ਗੁੰਝਲਦਾਰ ਮਾਮਲੇ ਨੂੰ ਸੁਲਝਾਉਂਦਿਆਂ ਇੱਕ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸੂਲਰ ਘਰਾਟ ਨਹਿਰ ਨੇੜੇ ਕਾਰ ਵਿੱਚੋਂ ਸੜੀ ਹੋਈ ਹਾਲਤ ਵਿੱਚ ਮਿਲੀਆਂ ਲਾਸ਼ਾਂ ਦੇ ਮਾਮਲੇ ਵਿੱਚ ਪੁਲਿਸ ਨੇ ਦਾਅਵਾ ਕਰਦਿਆਂ ਹੋਇਆ ਕਿਹਾ ਹੈ ਕਿ, ਮ੍ਰਿਤਕ ਮਹਿਲਾ ਦੇ ਪੁੱਤ ਨੇ ਹੀ ਮਾਂ ਤੇ ਭੈਣ ਦਾ ਕਥਿਤ ਤੌਰ ਤੇ ਕਤਲ ਕੀਤਾ ਹੈ।
ਕਤਲ ਨੂੰ ਹਾਦਸਾ ਦਿਖਾਉਣ ਦੀ ਸੀ ਸਾਜ਼ਿਸ਼
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪੁੱਤ ਦਾ ਆਪਣੀ ਮਾਂ ਅਤੇ ਭੈਣ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਉਸ ਨੇ ਪਹਿਲਾਂ ਦੋਵਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਅਤੇ ਫਿਰ ਲਾਸ਼ਾਂ ਨੂੰ ਕਾਰ ਵਿੱਚ ਪਾ ਕੇ ਸੂਲਰ ਘਰਾਟ ਨਹਿਰ ਦੇ ਕੋਲ ਲੈ ਗਿਆ। ਇਸ ਘਿਨਾਉਣੇ ਕਤਲ ਨੂੰ 'ਸੜਕ ਹਾਦਸੇ' ਦਾ ਰੂਪ ਦੇਣ ਲਈ ਮੁਲਜ਼ਮ ਨੇ ਲਾਸ਼ਾਂ ਸਮੇਤ ਕਾਰ ਨੂੰ ਅੱਗ ਲਗਾ ਦਿੱਤੀ।
ਜ਼ਿਕਰਯੋਗ ਹੈ ਕਿ 17 ਜਨਵਰੀ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਦੇ ਕਿਨਾਰੇ ਇੱਕ ਸੜੀ ਹੋਈ ਕਾਰ ਵਿੱਚੋਂ ਦੋ ਮਨੁੱਖੀ ਪਿੰਜਰ ਮਿਲੇ ਹਨ। ਪਹਿਲੀ ਨਜ਼ਰੇ ਇਹ ਮਾਮਲਾ ਇੱਕ ਹਾਦਸਾ ਜਾਪਦਾ ਸੀ, ਪਰ ਪੁਲਿਸ ਦੀ ਬਾਰੀਕੀ ਨਾਲ ਕੀਤੀ ਜਾਂਚ ਅਤੇ ਫੋਰੈਂਸਿਕ ਸਬੂਤਾਂ ਨੇ ਸਾਰੀ ਸੱਚਾਈ ਸਾਹਮਣੇ ਲਿਆ ਦਿੱਤੀ।
ਦਾਅਵਾ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਇਦਾਦ ਦੀ ਭੁੱਖ ਨੇ ਇੱਕ ਪੁੱਤ ਨੂੰ ਇੰਨਾ ਅੰਨ੍ਹਾ ਕਰ ਦਿੱਤਾ ਕਿ ਉਸ ਨੇ ਆਪਣੇ ਹੀ ਪਰਿਵਾਰ ਦਾ ਖ਼ੂਨ ਕਰ ਦਿੱਤਾ। ਮੁਲਜ਼ਮ ਖ਼ਿਲਾਫ਼ ਕਤਲ ਅਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।