ਵੜਿੰਗ ਨੇ ਅਬੋਹਰ ਵਿੱਚ ਵਪਾਰੀ ਦੀ ਹੱਤਿਆ ਦੀ ਨਿੰਦਾ ਕੀਤੀ
ਗੈਂਗਸਟਰਾਂ ਵੱਲੋਂ ਪੰਜਾਬ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਾਉਣ ਦਾ ਦੋਸ਼ ਲਗਾਇਆ
ਬੀਤੇ ਦਿਨੀਂ ਕਾਤਲਾਨਾ ਹਮਲੇ ਵਿਚ ਬਚੇ ਡਾ. ਕੰਭੋਜ ਨੂੰ ਵੀ ਮਿਲੇ
ਚੰਡੀਗੜ੍ਹ, 7 ਜੁਲਾਈ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਅਬੋਹਰ ਵਿੱਚ ਵਪਾਰੀ ਸੰਜੇ ਵਰਮਾ ਦੇ ਕਤਲ ਦੀ ਘਿਨਾਉਣੀ ਵਾਰਦਾਤ ਦੀ ਨਿੰਦਾ ਕੀਤੀ ਹੈ।
ਇਸ ਮੌਕੇ ਵੜਿੰਗ ਨੇ ਪੀੜ੍ਹਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਅਜਿਹੇ ਦੁਖਦਾਈ ਹਾਲਾਤਾਂ ਵਿੱਚ ਪਰਿਵਾਰ ਨੂੰ ਹੋਏ ਨਾ ਪੂਰਾ ਹੋਣ ਵਾਲੇ ਘਾਟੇ ਮੌਕੇ ਉਨ੍ਹਾਂ ਨਾਲ ਖੜ੍ਹੇ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਆਪਣੀ ਸਮੁੱਚੀ ਅਸਫਲਤਾ ਲਈ ਜ਼ਿੰਮੇਵਾਰ ਠਹਿਰਾਇਆ, ਜਿਸਨੇ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਹੌਸਲਾ ਦਿੱਤਾ ਹੈ, ਜਿਹੜੇ ਸੂਬੇ ਵਿੱਚ ਅਜਿਹੇ ਘਿਨਾਉਣੇ ਅਪਰਾਧ ਕਰਨ ਤੋਂ ਬਾਅਦ ਵੀ ਕਾਨੂੰਨ ਦੇ ਸ਼ਿਕੰਜੇ ਤੋਂ ਬਾਹਰ ਹਨ।
ਉਨ੍ਹਾਂ ਖੁਲਾਸਾ ਕੀਤਾ ਕਿ ਹਾਲ ਹੀ ਪੰਜਾਬ ਅੰਦਰ ਵਾਪਰੀਆਂ ਘਟਨਾਵਾਂ ਦੇ ਸਿਲਸਿਲੇ ਵਿੱਚ ਇਸ ਘਟਨਾ ਨੇ ਪੰਜਾਬ ਦੇ ਲੋਕਾਂ, ਖਾਸ ਕਰਕੇ ਵਪਾਰਕ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਨ੍ਹਾਂ ਮੀਡੀਆ ਦੀਆਂ ਖਬਰਾਂ ਦਾ ਹਵਾਲਾ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਰਮਾ ਨੂੰ ਫਿਰੌਤੀ ਦੀ ਮੰਗ ਨੂੰ ਲੈ ਕੇ ਮਾਰਿਆ ਗਿਆ ਹੈ।
ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਇਹ ਇੱਕ ਅਜੀਬ ਸਥਿਤੀ ਹੈ, ਜਿੱਥੇ ਆਮ ਆਦਮੀ ਡਰ ਅਤੇ ਦਹਿਸ਼ਤ ਵਿੱਚ ਜੀਅ ਰਿਹਾ ਹੈ, ਜਦੋਂ ਕਿ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੋਣ ਕਰਕੇ ਉਹ ਆਜ਼ਾਦ ਘੁੰਮ ਰਹੇ ਹਨ।
ਉਨ੍ਹਾਂ ਆਪ ਸਰਕਾਰ ਨੂੰ ਕਿਹਾ ਕਿ ਤੁਸੀਂ ਆਪਣੇ ਸਾਰੇ ਵਾਅਦਿਆਂ 'ਤੇ ਅਸਫਲ ਰਹੇ ਹੋ ਅਤੇ ਸੂਬੇ ਦੇ ਲੋਕਾਂ ਨੂੰ ਤੁਹਾਡੇ ਤੋਂ ਘਟੋਂ ਘੱਟ ਸੁਰੱਖਿਆ ਪ੍ਰਦਾਨ ਕਰਨ ਦੀ ਉਮੀਦ ਸੀ, ਜਿਸ ਵਿਚ ਵੀ ਤੁਸੀਂ ਅਸਫਲ ਰਹੇ ਹੋ।
ਇਸ ਤੋਂ ਇਲਾਵਾ, ਵੜਿੰਗ ਨੇ ਡਾ. ਅਨਿਲਜੀਤ ਸਿੰਘ ਕੰਭੋਜ ਨੂੰ ਵੀ ਮਿਲਣ ਲਈ ਗਏ, ਜੋ ਕੁਝ ਦਿਨ ਪਹਿਲਾਂ ਮੋਗਾ ਵਿੱਚ ਇਸੇ ਤਰ੍ਹਾਂ ਦੇ ਕਾਤਲਾਨਾ ਹਮਲੇ ਤੋਂ ਬਚ ਗਏ ਸਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਸੂਬੇ ਭਰ ਤੋਂ ਕਈ ਚਿੰਤਤ ਕਾਰੋਬਾਰੀਆਂ ਦੇ ਫੋਨ ਆ ਰਹੇ ਹਨ, ਜਿਹੜੇ ਹੁਣ ਪੰਜਾਬ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਾਂਨ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇਸ ਬੁਰਾਈ ਨੂੰ ਮੁੱਢੋਂ ਹੀ ਖਤਮ ਕਰਨ ਦੀ ਮੰਗ ਕਰ ਰਹੇ ਹਾਂ, ਪਰ ਸਰਕਾਰ ਨੇ ਕੋਈ ਪਰਵਾਹ ਨਹੀਂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਅਤੇ ਪੁਲਿਸ ਨੂੰ ਅਪਰਾਧ ਪ੍ਰਤੀ "ਜ਼ੀਰੋ ਟਾਲਰੈਂਸ" ਅਪਣਾਉਣ ਲਈ ਕਿਹਾ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਅਤੇ ਪੰਜਾਬ ਅਰਾਜਕਤਾ ਅਤੇ ਕਾਨੂੰਨਹੀਣਤਾ ਦੀ ਸਥਿਤੀ ਵਿੱਚ ਫਸ ਜਾਵੇਗਾ।