ਵਿਸ਼ਵ ਵਾਤਾਵਰਣ ਦਿਵਸ ਮੌਕੇ ਐਚਐਮਈਐਲ ਦੀ ਰਿਫਾਇਨਰੀ ਵਿਖੇ ਪੌਦੇ ਲਾਓ ਮੁਹਿੰਮ
ਅਸ਼ੋਕ ਵਰਮਾ
ਬਠਿੰਡਾ, 5 ਜੂਨ 2026 : ਵਾਤਾਵਰਣ ਸੰਭਾਲ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਐਚਐਮਈਐਲ ਨੇ ਵਿਸ਼ਵ ਵਾਤਾਵਰਣ ਦਿਵਸ 2026 ਨੂੰ ਆਪਣੇ ਸਾਰੇ ਕਾਰੋਬਾਰੀ ਸਥਾਨਾਂ, ਰਿਫ਼ਾਇਨਰੀ ਕੰਪਲੈਕਸ, ਟਾਊਨਸ਼ਿਪ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਬੜੇ ਉਤਸ਼ਾਹ ਅਤੇ ਭਾਗੀਦਾਰੀ ਨਾਲ ਮਨਾਇਆ। ਇਸ ਮੌਕੇ ਕਰਮਚਾਰੀਆਂ, ਵਰਕਰਾਂ, ਸੀਨੀਅਰ ਪ੍ਰਬੰਧਨ ਅਤੇ ਸਥਾਨਕ ਭਾਈਚਾਰੇ ਨੇ ਮਿਲ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ।ਵਿਸ਼ਵ ਵਾਤਾਵਰਣ ਦਿਵਸ ਦੀ ਥੀਮ "ਕਲਾਈਮੇਟ ਐਕਸ਼ਨ – ਐਕਟ ਟੂਡੇ ਫਾਰ ਅ ਬੈਟਰ ਟੂਮਾਰੋ" ਦੇ ਅਨੁਸਾਰ ਕਰਵਾਏ ਪ੍ਰੋਗਰਾਮਾਂ ਦਾ ਉਦੇਸ਼ ਵਾਤਾਵਰਣ ਸੰਬੰਧੀ ਜਾਗਰੂਕਤਾ ਵਧਾਉਣਾ, ਹਰਿਆਲੀ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨੂੰ ਟਿਕਾਊ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ।
ਪ੍ਰੋਗਰਾਮ ਦੀਆਂ ਮੁੱਖ ਗਤੀਵਿਧੀਆਂ ਵਿੱਚ ਵਿਸ਼ਾਲ ਰੁੱਖ ਲਗਾਉਣ ਦੀ ਮੁਹਿੰਮ ਸ਼ਾਮਲ ਰਹੀ। ਐਚਐਮਈਐਲ ਦੇ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਸ਼੍ਰੀ ਐਮ. ਬੀ. ਗੋਹਿਲ ਨੇ ਸੀਨੀਅਰ ਪ੍ਰਬੰਧਨ ਟੀਮ ਨਾਲ ਮਿਲ ਕੇ ਰਿਫ਼ਾਇਨਰੀ ਦੇ ਵੱਖ-ਵੱਖ ਖੇਤਰਾਂ ਵਿੱਚ ਪੌਦੇ ਲਗਾ ਕੇ ਮੁਹਿੰਮ ਦੀ ਅਗਵਾਈ ਕੀਤੀ। ਕਰਮਚਾਰੀਆਂ ਅਤੇ ਠੇਕੇਦਾਰ ਕਰਮਚਾਰੀਆਂ ਨੇ ਵੀ ਬੜੇ ਉਤਸ਼ਾਹ ਨਾਲ ਭਾਗ ਲੈਂਦਿਆਂ ਵਾਤਾਵਰਣ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦਰਸਾਈ।ਇਸ ਦੌਰਾਨ ਰਿਫ਼ਾਇਨਰੀ ਅਤੇ ਪੈਟਕੈਮ ਕੰਪਲੈਕਸ ਵਿੱਚ 200, ਈਥਨੋਲ ਪਲਾਂਟ ਵਿੱਚ 100, ਟਾਊਨਸ਼ਿਪ ਵਿੱਚ 100 ਅਤੇ ਪਾਈਪਲਾਈਨ ਖੇਤਰ ਸਮੇਤ ਹੋਰ ਕਾਰੋਬਾਰੀ ਸਥਾਨਾਂ ’ਤੇ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ। ਇਸ ਮੌਕੇ ਸ਼੍ਰੀ ਐਮ. ਬੀ. ਗੋਹਿਲ ਨੇ ਕਿਹਾ ਕਿ ਵਾਤਾਵਰਣ ਸੰਭਾਲ ਸਿਰਫ਼ ਇੱਕ ਦਿਨ ਦਾ ਅਭਿਆਨ ਨਹੀਂ, ਸਗੋਂ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਰਮਚਾਰੀਆਂ ਅਤੇ ਸਮਾਜ ਦੇ ਲੋਕਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ, ਰੁੱਖ ਲਗਾਉਣ ਅਤੇ ਟਿਕਾਊ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ।
ਵਾਤਾਵਰਣ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਐਚਐਮਈਐਲ ਦੀ ਵਾਤਾਵਰਣ ਟੀਮ ਵੱਲੋਂ ਸਲੋਗਨ ਮੁਕਾਬਲੇ ਅਤੇ ਵਾਤਾਵਰਣ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਕਰਮਚਾਰੀਆਂ ਅਤੇ ਠੇਕੇਦਾਰ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਰਾਹੀਂ ਜਲਵਾਯੂ ਪਰਿਵਰਤਨ, ਵਾਤਾਵਰਣ ਸੁਰੱਖਿਆ ਅਤੇ ਟਿਕਾਊ ਵਿਕਾਸ ਨਾਲ ਜੁੜੇ ਵਿਸ਼ਿਆਂ ਬਾਰੇ ਜਾਗਰੂਕਤਾ ਫੈਲਾਉਣ ਦਾ ਯਤਨ ਕੀਤਾ ਗਿਆ।ਇੱਕ ਹੋਰ ਮਹੱਤਵਪੂਰਨ ਪਹਿਲ ਤਹਿਤ ਐਚਐਮਈਐਲ ਦੀ ਵਾਤਾਵਰਣ ਟੀਮ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਕਰਮਚਾਰੀਆਂ ਵਿੱਚ ਦੁਬਾਰਾ ਵਰਤੋਂਯੋਗ ਕਪੜੇ ਦੇ ਬੈਗ (ਰੀਯੂਜ਼ੇਬਲ ਬੈਗ) ਵੰਡੇ। ਇਸ ਦਾ ਉਦੇਸ਼ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਅਤੇ ਵਾਤਾਵਰਣ-ਅਨੁਕੂਲ ਵਿਕਲਪਾਂ ਨੂੰ ਉਤਸ਼ਾਹਿਤ ਕਰਨਾ ਸੀ। ਕਰਮਚਾਰੀਆਂ ਨੇ ਇਸ ਪਹਿਲ ਦਾ ਸਵਾਗਤ ਕਰਦਿਆਂ ਸਾਫ਼-ਸੁਥਰੇ ਅਤੇ ਹਰਿਤ ਵਾਤਾਵਰਣ ਲਈ ਯੋਗਦਾਨ ਪਾਉਣ ਦਾ ਸੰਕਲਪ ਲਿਆ।
- Download Babushahi App
-
-