ਵਿਧਾਨ ਸਭਾ ਚੋਣਾਂ ਦੀ ਆਹਟ ਤੋਂ ਪਹਿਲਾਂ ਸਤਾਉਣ ਲੱਗੀ ਵਪਾਰੀਆਂ ਅਤੇ ਦੁਕਾਨਦਾਰਾਂ ਦੀ ਯਾਦ
ਅਸ਼ੋਕ ਵਰਮਾ
ਬਠਿੰਡਾ, 17 ਫਰਵਰੀ 2026 : ਵਿਧਾਨ ਸਭਾ ਚੋਣਾਂ ਵਾਲੇ ਸਾਲ ਦੌਰਾਨ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵਪਾਰੀਆਂ ਅਤੇ ਦੁਕਾਨਦਾਰਾਂ ਦੀ ਯਾਦ ਸਤਾਉਣ ਲੱਗੀ ਹੈ। ਪੰਜਾਬ ਸਰਕਾਰ ਵੱਲੋਂ ਵਪਾਰੀਆਂ ਸਬੰਧੀ ਮੁੱਦਿਆਂ ਨੂੰ ਤਰਜਹੀ ਤੌਰ 'ਤੇ ਸੁਲਝਾਉਣ ਦੇ ਨਾਮ ਹੇਠ ਅੱਜ ਜ਼ਿਲ੍ਹਾ ਪੱਧਰੀ ਵਪਾਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਵਪਾਰਕ ਜਥੇਬੰਦੀਆਂ ਅਤੇ ਉਨਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਮੁੱਦਿਆਂ ਨੂੰ ਤਰਜੀਹੀ ਤੌਰ ਤੇ ਸੁਲਝਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਮੀਟਿੰਗ ਨਿਵੇਕਲੀ ਪਹਿਲ ਹੈ, ਜਿਸ ਵਿੱਚ ਸਰਕਾਰ ਖੁਦ ਲੋਕਾਂ ਦੇ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ਉੱਤੇ ਹੀ ਹੱਲ ਕਰ ਰਹੀ ਹੈ।
ਇਸ ਦੌਰਾਨ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਸਮੇਂ-ਸਮੇਂ ਤੇ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਪਾਰੀ ਵਰਗ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਪਲ ਖੜੀ ਹੈ।
ਵਿਧਾਇਕ ਮੌੜ ਸ਼੍ਰੀ ਸੁਖਵੀਰ ਸਿੰਘ ਮਾਇਸਰਖਾਨਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਹਰ ਇੱਕ ਪੰਜਾਬ ਵਾਸੀ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਹਰ ਵਸਨੀਕ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਅਤੇ ਕੈਸ਼ਲੈੱਸ ਇਲਾਜ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਵਿੱਚ 2000 ਤੋਂ ਵੱਧ ਬਿਮਾਰੀਆਂ ਅਤੇ ਵੱਡੇ ਆਪਰੇਸ਼ਨ ਕਵਰ ਕੀਤੇ ਗਏ ਹਨ, ਜੋ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾਏ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਰਾਜੇਸ਼ ਧੀਮਾਨ ਨੇ ਇਸ ਮੌਕੇ ਬੋਲਦਿਆਂ ਭਰੋਸਾ ਦਵਾਇਆ ਕਿ ਵਪਾਰੀਆਂ ਸਬੰਧੀ ਸਾਰੀਆਂ ਮੁਸ਼ਕਲਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਪਾਰੀਆਂ ਨਾਲ ਸਬੰਧਿਤ ਸਾਰੇ ਵਿਭਾਗਾਂ ਦੇ ਮੁਖੀ ਮੀਟਿੰਗ 'ਚ ਹਾਜ਼ਰ ਨੇ ਜਿਨ੍ਹਾਂ ਨੂੰ ਸਬੰਧਿਤ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ ਹੈ।
ਸ਼੍ਰੀਮਤੀ ਪ੍ਰਭਦੀਪ ਕੌਰ ਸਹਾਇਕ ਕਮਿਸ਼ਨਰ ਜੀ.ਐੱਸ.ਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਲਈ ਵਨ ਟਾਈਮ ਸੈਟਲਮੇਟ ਸਕੀਮ ਸ਼ੁਰੂ ਕੀਤੀ ਹੈ। ਇਸ ਤਹਿਤ ਜੀ.ਐੱਸ.ਟੀ ਤੋਂ ਪਹਿਲਾਂ ਵਾਲੇ ਸਮੇਂ ਦੌਰਾਨ ਲਈ ਬਣਦੀ ਬਕਾਇਆ ਰਕਮ ਜਮ੍ਹਾਂ ਕਰਵਾਉਣ ਲਈ ਸਰਕਾਰ ਵੱਲੋਂ 25 ਫੀਸਦੀ, 50 ਫੀਸਦੀ ਅਤੇ 75 ਫੀਸਦੀ ਛੋਟ ਵੱਖ-ਵੱਖ ਕੈਟਾਗਰੀਆਂ 'ਚ ਦਿੱਤੀ ਗਈ ਹੈ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਇਸ ਸਕੀਮ ਦਾ ਲਾਹਾ ਲੈਣ। ਨਾਲ ਹੀ ਉਨ੍ਹਾਂ ਕਿਹਾ ਕਿ ਵਪਾਰੀ ਨਿਯਮਾਂ ਅਨੁਸਾਰ ਆਪਣੀ ਜੀ.ਐੱਸ.ਟੀ. ਰਿਟਰਨ ਹਰ ਮਹੀਨੇ ਭਰਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਪਾਰੀ ਨੂੰ ਇਸ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਉਹ ਜੀ.ਐੱਸ.ਟੀ. ਦਫ਼ਤਰ ਨਾਲ ਸੰਪਰਕ ਜ਼ਰੂਰ ਕਰਨ।
ਇਸ ਮੌਕੇ ਚੇਅਰਮੈਨ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਸ਼੍ਰੀ ਅਨਿਲ ਠਾਕੁਰ, ਚੇਅਰਮੈਨ, ਸ਼ੂਗਰਫੈੱਡ ਐਡਵੋਕੇਟ ਨਵਦੀਪ ਸਿੰਘ ਜੀਦਾ, ਚੇਅਰਮੈਨ ਕੇਂਦਰੀ ਸਹਿਕਾਰਤਾ ਬੈਂਕ ਅਮਰਦੀਪ ਸਿੰਘ ਰਾਜਨ ਬਠਿੰਡਾ ਹਲਕਾ ਇੰਚਾਰਜ ਬਠਿੰਡਾ ਦਿਹਾਤੀ ਸ਼੍ਰੀ ਜਸਵਿੰਦਰ ਸਿੰਘ ਸ਼ਿੰਦਾ, ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ ਬਲਜੀਤ ਸਿੰਘ ਬੱਲੀ, ਡਾ. ਤਰਸੇਮ ਗਰਗ ਸਟੇਟ ਸਕੱਤਰ ਮਾਲਵਾ ਪੱਛਮੀ, ਸ਼੍ਰੀ ਵਿਕਰਮ ਲਵਲੀ ਚੇਅਰਮੈਨ ਕਰ ਅਤੇ ਆਬਕਾਰੀ ਵਿਭਾਗ ਕਮੇਟੀ, ਵਧੀਕ ਡਿਪਟੀ ਕਮਿਸਨਰ ਜਨਰਲ ਮੈਡਮ ਪੂਨਮ ਸਿੰਘ, ਉੱਪ ਮੰਡਲ ਮਜਿਸਟ੍ਰੇਟ ਬਠਿੰਡਾ ਸ਼੍ਰੀ ਬਲਕਰਨ ਸਿੰਘ, ਸ਼੍ਰੀ ਜਗਦੀਸ਼ ਬਿਸ਼ਨੋਈ ਐਸ.ਪੀ. (ਹੈਡਕੁਆਰਟਰ) ਬਠਿੰਡਾ, ਸ਼੍ਰੀ ਹਰਪਾਲ ਸਿੰਘ ਖੁਰਮੀ, ਹਾਜ਼ਰ ਸਨ।
ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਸ਼੍ਰੀ ਵਿਕਰਮ ਲਵਲੀ ਨੇ ਅਦਾ ਕੀਤੀ।