ਲੋਕ ਸੰਘਰਸ਼ ਕਮੇਟੀ ਖੰਨਾ ਵੱਲੋਂ ਨਿੱਜੀਕਰਨ ਖ਼ਿਲਾਫ਼ ਇਕੱਤਰਤਾ ਕੀਤੀ .
ਰਵਿੰਦਰ ਸਿੰਘ ਢਿੱਲੋਂ
ਖੰਨਾ , ਲੋਕ ਸੰਘਰਸ਼ ਕਮੇਟੀ ਖੰਨਾ ਵੱਲੋਂ ਨਿੱਜੀਕਰਨ ਦੀ ਨੀਤੀ ਰੱਦ ਕਰਨ ਅਤੇ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੀ ਲੁੱਟ ਖਿਲਾਫ ਇਕੱਤਰਤਾ ਕੀਤੀ ਗਈ।ਅੱਜ ਮੁੱਖ ਬੁਲਾਰੇ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਿੱਜੀਕਰਨ ਦੇ ਹਮਲੇ ਨੂੰ ਹੋਰ ਤੇਜ਼ ਕਰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਲੋਕਾਂ ਤੋਂ ਸਬਸਿਡੀਆਂ ਅਤੇ ਸਸਤੀ ਬਿਜਲੀ ਦੀ ਸਹੂਲਤ ਖੋਂਹਦਾ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਵੱਡੇ ਮੁਨਾਫ਼ੇ ਬਖਸ਼ਦਾ ਬਿਜਲੀ ਸੋਧ ਬਿੱਲ-2025 ਲਿਆਂਦਾ ਜਾ ਰਿਹਾ ਹੈ।ਮਜ਼ਦੂਰਾਂ ਦੀਆਂ ਉਜਰਤਾਂ, ਸਹੂਲਤਾਂ, ਕਿਰਤ ਹਾਲਤਾਂ, ਅਤੇ ਰੁਜ਼ਗਾਰ ਸੁਰੱਖਿਆ ਦੀ ਬਲੀ ਦਿੰਦੇ ਅਤੇ ਵੱਡੀਆਂ ਕੰਪਨੀਆਂ ਨੂੰ ਕਿਰਤ ਦੀ ਲੁੱਟ ਦੀਆਂ ਖੁੱਲ੍ਹਾਂ ਬਖਸ਼ਦੇ 4 ਕਿਰਤ ਕੋਡ ਲਾਗੂ ਕਰ ਦਿੱਤੇ ਗਏ ਹਨ। ਮਜ਼ਦੂਰਾਂ ਨੂੰ ਨਿਗੂਣਾ ਰੁਜ਼ਗਾਰ ਦਿੰਦਾ ਮਨਰੇਗਾ ਕਾਨੂੰਨ ਦੇ ਰਾਹ ਤੁਰਦਿਆਂ ਬਦਲ ਦਿੱਤਾ ਗਿਆ ਹੈ।ਬੀਜਾਂ ਉੱਤੇ ਵੀ ਕਾਰਪੋਰੇਟ ਕੰਟਰੋਲ ਕਾਇਮ ਕਰਨ ਖਾਤਰ ਬੀਜ ਬਿੱਲ 2025 ਲਿਆਂਦਾ ਜਾ ਰਿਹਾ ਹੈ।ਮਾਲੀਆ ਜੁਟਾਉਣ ਦੇ ਨਾਂ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਜਾਇਦਾਦ ਬਣਦੀਆਂ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਅਤੇ ਹੋਰ ਜਨਤਕ ਜਾਇਦਾਦਾਂ ਨੂੰ ਵੇਚਿਆ ਜਾ ਰਿਹਾ ਹੈ। ਪੰਜਾਬ ਦੀ ਸਰਕਾਰੀ ਟਰਾਂਸਪੋਰਟ ਅੰਦਰ ਠੇਕਾ ਅਧਾਰਿਤ ਕਿਲੋਮੀਟਰ ਸਕੀਮ ਰਾਹੀਂ ਨਿੱਜੀਕਰਨ ਨੂੰ ਤਕੜਾ ਕੀਤਾ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਸਕੀਮ ਰਾਹੀਂ ਨਿੱਜੀ ਕਾਰੋਬਾਰੀਆਂ ਦੀ ਦਖ਼ਲ ਅੰਦਾਜ਼ੀ ਬਣਾਈ ਜਾ ਰਹੀ ਹੈ। ਇਹਨਾਂ ਕਦਮਾਂ ਤੋਂ ਇਲਾਵਾ ਵੀ ਹਰ ਖੇਤਰ ਅੰਦਰ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨ, ਪੱਕਾ ਸਰਕਾਰੀ ਰੁਜ਼ਗਾਰ ਖ਼ਤਮ ਕਰਨ ਅਤੇ ਨਿੱਜੀ ਪੂੰਜੀ ਨੂੰ ਉਤਸ਼ਾਹਤ ਕਰਨ ਦੇ ਕਦਮ ਲਗਾਤਾਰ ਲਏ ਜਾ ਰਹੇ ਹਨ। ਇਹ ਕਦਮ ਅਮਰੀਕਾ ਅਤੇ ਹੋਰਨਾਂ ਸਾਮਰਾਜੀ ਮੁਲਕਾਂ ਅਤੇ ਸੰਸਾਰ ਬੈਂਕ, ਆਈ.ਐਮ.ਐਫ ਵਰਗੀਆਂ ਉਨ੍ਹਾਂ ਦੀਆਂ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਲਏ ਜਾ ਰਹੇ ਹਨ। ਇਹਨਾਂ ਦੇਸ਼ਾਂ ਦੀਆਂ ਵੱਡੀਆਂ ਸਾਮਰਾਜੀ ਕੰਪਨੀਆਂ ਅਤੇ ਦੇਸੀ ਕਾਰਪੋਰੇਟਾਂ ਨੂੰ ਮੁਨਾਫ਼ਿਆਂ ਲਈ ਭਾਰਤ ਦੀਆਂ ਜ਼ਮੀਨਾਂ ,ਖਣਿਜ ਪਦਾਰਥ, ਪਾਣੀ, ਬਿਜਲੀ, ਜੰਗਲ਼, ਅਨਾਜ ਵਰਗੇ ਸਾਧਨ ਵੀ ਚਾਹੀਦੇ ਹਨ ਅਤੇ ਸੌਖੀ ਅਤੇ ਸਸਤੀ ਕਿਰਤ ਸ਼ਕਤੀ ਵੀ ਚਾਹੀਦੀ ਹੈ। ਉਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਉਹਨਾਂ ਦੀ ਲੁੱਟ ਦੇ ਰਾਹ ਵਿੱਚ ਮਾੜਾ ਮੋਟਾ ਵੀ ਅੜਿੱਕਾ ਪਾਉਂਦੇ ਹਰ ਪ੍ਰਕਾਰ ਦੇ ਕਾਨੂੰਨ ਖ਼ਤਮ ਕੀਤੇ ਜਾਣ। ਇਸ ਕਰਕੇ ਪਿਛਲੇ ਸਮੇਂ ਵੱਖ-ਵੱਖ ਮੌਕਿਆਂ ਤੇ ਵੀ ਅਤੇ ਜਨ ਵਿਸ਼ਵਾਸ ਬਿੱਲ ਰਾਹੀਂ ਇਕੱਠੇ ਵੀ ਸਾਰੇ ਕਾਨੂੰਨਾਂ ਨੂੰ ਸੋਧਿਆ ਗਿਆ ਹੈ ਅਤੇ ਕਾਰਪੋਰੇਟਾਂ ਨੂੰ ਕੁਤਾਹੀਆਂ ਤੋਂ ਜਵਾਬ ਮੁਕਤੀ ਦੀ ਗਰੰਟੀ ਕੀਤੀ ਗਈ ਹੈ। ਦੂਜੇ ਪਾਸੇ ਲੋਕਾਂ ਦੇ ਹਰ ਪ੍ਰਕਾਰ ਦੇ ਵਿਰੋਧ ਨਾਲ ਨਜਿੱਠਣ ਲਈ ਮੋਦੀ ਹਕੂਮਤ ਵੱਲੋਂ ਫਾਸ਼ੀ ਹਮਲੇ ਨੂੰ ਜ਼ੋਰ ਨਾਲ ਅੱਗੇ ਵਧਾਇਆ ਜਾ ਰਿਹਾ ਹੈ।ਲੋਕ ਆਗੂਆਂ, ਸਮਾਜਿਕ ਕਾਰਕੁਨਾਂ ਅਤੇ ਬੁੱਧੀਜੀਵੀਆਂ ਨੂੰ ਸੰਗੀਨ ਧਰਾਵਾਂ ਅਧੀਨ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਆਦਿਵਾਸੀ ਇਲਾਕਿਆਂ ਅੰਦਰ ਕਬਾਇਲੀਆਂ ਅਤੇ ਇਨਕਲਾਬੀਆਂ ਦੇ ਕਤਲੇਆਮ ਰਚਾਏ ਜਾ ਰਹੇ ਹਨ। ਭਾਰਤ ਦੀ ਬਾਕੀ ਆਬਾਦੀ ਦਾ ਧਿਆਨ ਬੁਨਿਆਦੀ ਮੁੱਦਿਆਂ ਤੋਂ ਭਟਕਾਉਣ ਲਈ ਮੁਲਕ ਭਰ ਅੰਦਰ ਫ਼ਿਰਕੂ ਮਾਹੌਲ ਨੂੰ ਹਵਾ ਦਿੱਤੀ ਜਾ ਰਹੀ ਹੈ।
ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀਕਰਨ ਦੀ ਨਿੱਜੀਕਰਨ ਦੀ ਨੀਤੀ ਨੂੰ ਰੋਕਣ ਤੋਂ ਅੱਗੇ ਇਸ ਦੀ ਜੜ੍ਹ ਖਿਲਾਫ਼ ਸਾਂਝੇ ਸੰਘਰਸ਼ਾਂ ਦੇ ਪੜੁੱਲ ਬੰਨਣ ਦੀ ਲੋੜ ਹੈ।ਨਿੱਜੀਕਰਨ ਦੀ ਨੀਤੀ ਮੁਕੰਮਲ ਤੌਰ ਉੱਤੇ ਰੱਦ ਕਰਨ, ਨਿੱਜੀਕਰਨ ਕੀਤੇ ਗਏ ਅਦਾਰਿਆਂ ਨੂੰ ਮੁੜ ਸਰਕਾਰੀ ਕੰਟਰੋਲ ਹੇਠ ਲੈਣ, ਸਾਮਰਾਜੀ ਅਤੇ ਭਾਰਤੀ ਵੱਡੇ ਕਾਰਪੋਰੇਟਾਂ ਦੀਆਂ ਕੰਪਨੀਆਂ ਨੂੰ ਲੁੱਟ ਦੀਆਂ ਖੁੱਲ੍ਹਾਂ ਦੇਣੀਆਂ ਬੰਦ ਕਰਨ, ਭਾਰਤੀ ਮੰਡੀ ਅਤੇ ਚੁਗਿਰਦੇ ਅੰਦਰ ਇਹਨਾਂ ਦਾ ਦਾਖ਼ਲਾ ਬੰਦ ਕਰਨ, ਲੋਕਾਂ ਦੀ ਲੁੱਟ ਦੇ ਸਿਰ ਤੇ ਇਕੱਠੀ ਕੀਤੀ ਇਹਨਾਂ ਦੀ ਪੂੰਜੀ ਜਬਤ ਕਰਨ, ਵੱਡੇ ਧਨਾਢਾਂ, ਕਾਰਪੋਰੇਟਾਂ ਅਤੇ ਵੱਡੇ ਭੋਂ ਮਾਲਕਾਂ ਉੱਤੇ ਭਾਰੀ ਟੈਕਸ ਲਾ ਕੇ ਸਰਕਾਰੀ ਅਦਾਰਿਆਂ ਲਈ ਪੂੰਜੀ ਜੁਟਾਉਣ, ਵੱਡੇ ਕਾਰਪੋਰੇਟਾਂ ਨੂੰ ਦਿੱਤੀਆਂ ਜਾਂਦੀਆਂ ਸਭ ਰਿਆਇਤਾਂ/ਛੋਟਾਂ ਰੱਦ ਕਰਕੇ ਲੋਕਾਂ ਨੂੰ ਵਧੇਰੇ ਸਹੂਲਤਾਂ ਦੇਣ, ਭਾਰਤ ਅਮਰੀਕਾ ਵਪਾਰ ਵਾਰਤਾ ਬੰਦ ਕਰੋ। ਸਾਮਰਾਜੀਆਂ ਨਾਲ ਕੀਤੇ ਸਭ ਸਮਝੌਤੇ ਸੰਧੀਆਂ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਅਜਿਹਾ ਕਰਨ ਲਈ ਲੋਕਾਂ ਨੂੰ ਬੁਰਜੂਆ ਪਾਰਲੀਮੈਂਟ ਪਾਰਟੀਆਂ ਤੋਂ ਭਲੇ ਦੀ ਝਾਕ ਛੱਡ ਕੇ ਇਨਕਲਾਬੀ ਜਥੇਬੰਦੀਆਂ ਵੱਲੋਂ ਨਵਾਂ ਸਮਾਜ ਸਿਰਜਣ ਦੇ ਸੰਘਰਸ਼ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਇਕੱਤਰਤਾ ਨੇ ਵੈਨਜ਼ੂਏਲਾ 'ਤੇ ਅਮਰੀਕਨ ਹਮਲੇ ਦੇ ਵਿਰੁੱਧ, ਟਰੰਪ ਦੇ ਟੈਰਿਫ-ਵਾਰ ਮੂਹਰੇ ਭਾਰਤ ਸਰਕਾਰ ਦੀ ਚੁੱਪੀ ਤੇ ਅਮਰੀਕਾ ਦੇ ਹਮਲਾਵਰ ਰੁਖ਼ ਵਿਰੁੱਧ ਅਤੇ ਕੱਲ ਹੀ ਯੂਰਪੀਅਨ ਯੂਨੀਅਨ ਨਾਲ ਲੰਮੇ ਸਮੇਂ ਤੋਂ ਲਮਕਦਾ ਆ ਰਿਹਾ ਕਰ ਮੁਕਤ ਸਮਝੌਤਾ ਕਰਕੇ ਮੁਲਕ ਦੀ ਕਿਰਤੀ ਜਮਾਤ,ਸਨਅਤ ਤੇ ਆਰਥਿਕਤਾ 'ਤੇ ਮਾਰੀ ਸੱਟ ਵਿਰੁੱਧ ਮਤੇ ਪਾਸ ਕੀਤੇ। ਇਸ ਮੌਕੇ ਵਿਚਾਰ -ਚਰਚਾ 'ਚ ਸਾਥੀ ਗੁਰਬਖਸ਼ੀਸ਼ ਸਿੰਘ , ਸੁਦਾਗਰ ਸਿੰਘ ਘੁਡਾਣੀ
ਪ੍ਰਦੀਪ ਕੁਮਾਰ, ਯੁਵਰਾਜ ਸਿੰਘ ਘੁਡਾਣੀ,ਜਸਵੀਰ ਸਿੰਘ ਅਸ਼ਗਿਰੀਪੁਰ ਗੁਰਮੀਤ ਸਿੰਘ ਕਾਮਰੇਡ ਕਮਲਜੀਤ ਸਿੰਘ ਚੰਦਨ ਨੇਗੀ ਜਸਵਿੰਦਰ ਸਿੰਘ ਬਲਵੀਰ ਸਿੰਘ ਤਰਸੇਮ ਸਿੰਘ ਜਸਵਿੰਦਰ ਸਿੰਘ ਦੋਰਾਹਾ ਗੁਰਸੇਵਕ ਸਿੰਘ ਮੋਹੀ ਆਦਿ ਸਾਥੀਆਂ ਵਲੋਂ
ਰੱਖੇ ਸੁਆਲਾਂ ਦੇ ਜਵਾਬ ਮੁੱਖ ਬੁਲਾਰੇ ਨੇ ਤਸੱਲੀਬਖ਼ਸ਼ ਢੰਗ ਨਾਲ ਦਿੱਤੇ। ਇਸ ਸਮੇਂ ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।
ਅੰਤ ਵਿੱਚ ਚੇਤਨਾ ਮੀਟਿੰਗ ਵਿੱਚ ਮੌਜੂਦਾ ਲੁਟੇਰੇ ਪ੍ਰਬੰਧ ਦੇ ਇਨਕਲਾਬੀ ਬਦਲ ਲਈ ਰੱਖੇ ਵਿਚਾਰਾਂ ਨੂੰ ਸਰਵਸੰਮਤੀ ਨਾਲ ਹੱਥ ਖੜ੍ਹੇ ਕਰਕੇ ਪਾਸ ਕੀਤਾ ਅਤੇ 12 ਫਰਵਰੀ ਦੀ ਦੇਸ-ਵਿਆਪੀ ਹੜਤਾਲ ਨੂੰ ਸਫ਼ਲ ਕਰਨ ਲਈ ਹੁਣੇ ਤੋਂ ਤਾਣ ਲਾਉਣ ਦਾ ਮਤਾ ਵੀ ਪਾਸ ਕੀਤਾ।ਮੰਚ ਸੰਚਾਲਕ ਸਾਥੀ ਜਗਦੇਵ ਸਿੰਘ ਨੇ ਬਾਖੂਬੀ ਕੀਤਾ। ਮੀਟਿੰਗ ਵਿੱਚ ਪਹੁੰਚੇ ਸਾਰੇ ਸਾਥੀਆਂ ਦਾ ਮਲਕੀਤ ਸਿੰਘ ਕਨਵੀਨਰ ਵੱਲੋਂ ਧੰਨਵਾਦ ਕੀਤਾ .