ਰਾਸ਼ਟਰੀ ਗੌਧਨ ਮਹਾਸੰਘ ਵੱਲੋਂ ਗਊਆਂ ਨੂੰ ਸਮਰਪਿਤ ਸਿਖਰ ਸੰਮੇਲਨ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਕੀਤੀ ਸ਼ੁਰੂਆਤ
ਨਵੀਂ ਦਿੱਲੀ, 9 ਨਵੰਬਰ 2025- ਰਾਸ਼ਟਰੀ ਗੌਧਨ ਮਹਾਸੰਘ ਵੱਲੋਂ 5 ਨਵੰਬਰ ਤੋਂ 10 ਨਵੰਬਰ ਤੱਕ ‘ਆਤਮ ਨਿਰਭਰ ਭਾਰਤ’ ਬਣਾਉਣ ਲਈ ‘ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ’, ਨਵੀਂ ਦਿੱਲੀ ਵਿੱਚ ‘ਇੱਕ ਵਿਚਾਰਾਤਮਕ ਅਹਿੰਸਕ ਅੰਦੋਲਨ’ ਚਲਾਇਆ ਜਾ ਰਿਹਾ ਹੈ। ਇਸ ਦਾ ਸ਼ੁਭ ਆਰੰਭ ਵਰਤਮਾਨ ਨਾਮਧਾਰੀ ਸਤਿਗੁਰੂ ਦਲੀਪ ਸਿੰਘ ਦੇ ਆਸ਼ੀਰਵਾਦ ਅਤੇ ਮਾਰਗ ਦਰਸ਼ਨ ਹੇਠ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਤਿਗੁਰੂ ਠਾਕੁਰ ਦਲੀਪ ਸਿੰਘ ਦੀ ਪੁੱਤਰੀ ਜੀਵਨ ਕੌਰ ਨੇ ਕੀਤੀ। ਇਸ ਮੌਕੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰ-ਰਾਸ਼ਟਰੀ ਪ੍ਰਧਾਨ ਆਲੋਕ ਕੁਮਾਰ, ਨਵੀਂ ਦਿੱਲੀ ਤੋਂ ਲੋਕ ਸਭਾ ਸੰਸਦ ਮੈਂਬਰ ਬਾਂਸੁਰੀ ਸਵਰਾਜ, ਸਿਰਸਾ ਤੋਂ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ, ਸਵਾਮੀ ਸੁਧਾਂਸ਼ੂ ਮਹਾਰਾਜ, ਸਤੀਸ਼ ਤਨੇਜਾ, ਅਤੇ ਇਸ ਸਿਖਰ ਸੰਮੇਲਨ ਦੀ ਸੰਯੋਜਕ ਸਮੇਤ ਹੋਰ ਸਾਰੇ ਸਨਮਾਨਯੋਗ ਹਸਤੀਆਂ ਹਾਜ਼ਰ ਸਨ।
ਬੀਬੀ ਜੀਵਨ ਕੌਰ ਨੇ ਗਊ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਭਾਰਤੀ ਸਭਿਅਤਾ ਵਿੱਚ ਸ਼ੁਰੂ ਤੋਂ ਹੀ ਗਊ ਦੀ ਮਹੱਤਤਾ ਰਹੀ ਹੈ। ਗਊ ਦੇ ਉਸ ਮਹੱਤਵ ਨੂੰ ਪੁਨਰ ਜਾਗਰਿਤ ਕਰਨ ਲਈ ਇਸ ਸਮਾਗਮ ਦਾ ਆਯੋਜਨ "ਰਾਸ਼ਟਰੀ ਗੌ-ਧਨ ਸੰਘ" ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾ ਕੇ ਕੀਤਾ ਗਿਆ ਹੈ। ਗਊ ਨੂੰ “ਮਾਤਾ” ਦੇ ਸਮਾਨ ਮੰਨਿਆ ਗਿਆ ਹੈ, ਇਸ ਕਰ ਕੇ ਇਸ ਨੂੰ “ਗਊ ਮਾਤਾ” ਵੀ ਕਿਹਾ ਜਾਂਦਾ ਹੈ। ਗਊ ਸਿਰਫ਼ ਹਿੰਦੂਆਂ ਲਈ ਹੀ “ਮਾਤਾ” ਨਹੀਂ ਹੈ ਅਤੇ ਨਾ ਹੀ ਸਿਰਫ਼ ਹਿੰਦੂਆਂ ਲਈ ਹੀ ਗਊ ਦੀ ਸੇਵਾ ਜਾਂ ਰੱਖਿਆ ਕਰਨੀ ਜ਼ਰੂਰੀ ਹੈ। ਗਊ ਸੇਵਾ ਤੇ ਗਊ ਰੱਖਿਆ ਨੂੰ ਸਾਰੇ ਭਾਰਤੀ ਧਰਮਾਂ ਵਿੱਚ ਮਹਾਨ ਕੰਮ ਮੰਨਿਆ ਗਿਆ ਹੈ। ਭਾਰਤੀ ਸਭਿਅਤਾ ਤੋਂ ਉਪਜੇ ਚਾਰ ਧਰਮ — ਸਨਾਤਨ ਹਿੰਦੂ, ਸਿੱਖ, ਜੈਨ ਅਤੇ ਬੌਧ ਵਿੱਚ ਗਊ ਦੀ ਸੇਵਾ ਨੂੰ ਮਹਾਨ ਮੰਨਿਆ ਗਿਆ ਹੈ।
ਬੀਬੀ ਜੀਵਨ ਕੌਰ ਨੇ ਦੱਸਿਆ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਪੰਥ ਨੇ ਗੌ-ਧਨ ਦੀ ਰੱਖਿਆ ਲਈ ਬਹੁਤ ਵੱਡੇ ਕਾਰਜ ਕੀਤੇ ਹਨ। ਇਥੋਂ ਤੱਕ ਕਿ ਗੌ-ਧਨ ਦੀ ਰੱਖਿਆ ਅਤੇ ਵਾਧੇ ਲਈ ਨਾਮਧਾਰੀ ਸਿੱਖਾਂ ਨੇ ਸਭ ਤੋਂ ਵੱਧ ਬਲਿਦਾਨ ਦਿੱਤੇ ਹਨ। ਅੰਮ੍ਰਿਤਸਰ, ਰਾਇਕੋਟ ਵਿੱਚ ਨਾਮਧਾਰੀ ਸਿੱਖਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਮਲੇਰਕੋਟਲਾ ਵਿੱਚ ਬਿਨਾ ਮੁਕੱਦਮਾ ਚਲਾਏ 66 ਨਾਮਧਾਰੀ ਸਿੱਖਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਅਤੇ ਇੱਕ ਨੂੰ ਤਲਵਾਰ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ।
ਨਾਮਧਾਰੀ ਪੰਥ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਬੀਬੀ ਜੀਵਨ ਕੌਰ ਨੇ ਦੱਸਿਆ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਸਿੱਖੀ, ਆਤਮ-ਸਨਮਾਨ, ਸਮਾਜ ਸੁਧਾਰ ਅਤੇ ਦੇਸ਼ ਦੀ ਆਜ਼ਾਦੀ ਲਈ 1857 ਈ. ਵਿੱਚ ਵੈਸਾਖੀ ਦੇ ਦਿਨ ਨਾਮਧਾਰੀ ‘ਸੰਤ ਖ਼ਾਲਸਾ’ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਔਰਤਾਂ ਨੂੰ ਅੰਮ੍ਰਿਤ ਪਾਨ ਕਰਵਾਇਆ, ਦਹੇਜ-ਮੁਕਤ, ਅੰਤਰਜਾਤੀ ਅਤੇ ਸਮੂਹਿਕ ‘ਗੁਰਮਤਿ ਆਨੰਦ ਕਾਰਜ ਮਰਯਾਦਾ’ ਦੀ ਸ਼ੁਰੂਆਤ ਕੀਤੀ, ਬਾਲ ਵਿਆਹ ਰੁਕਵਾਏ। ਉਨ੍ਹਾਂ ਨੇ ਗਾਂਧੀ ਜੀ ਤੋਂ 50 ਸਾਲ ਪਹਿਲਾਂ ਅਸਹਿਯੋਗ ਅੰਦੋਲਨ ਅਤੇ ਸਵਦੇਸ਼ੀ ਲਹਿਰ ਸ਼ੁਰੂ ਕੀਤੀ। ਅੰਗਰੇਜ਼ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਭੈਣੀ ਸਾਹਿਬ ਤੋਂ ਬਾਹਰ ਪ੍ਰਚਾਰ ਕਰਨ ‘ਤੇ ਪਾਬੰਦੀ ਲਾ ਦਿੱਤੀ ਸੀ, ਪਰ ਉਨ੍ਹਾਂ ਨੇ ਉਹ ਪਾਬੰਦੀ ਤੋੜ ਕੇ 1867 ਈ. ਵਿੱਚ ਅੰਮ੍ਰਿਤਸਰ ਅਤੇ ਆਨੰਦਪੁਰ ਵਿੱਚ ਜਨ ਜਾਗਰਣ ਲਈ ਸਭਾਵਾਂ ਕੀਤੀਆਂ। ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਨੇ ਨੇਪਾਲ ਅਤੇ ਰੂਸ ਨਾਲ ਸੰਪਰਕ ਸਥਾਪਿਤ ਕੀਤਾ, ਕਸ਼ਮੀਰ ਰਾਜ ਵਿੱਚ ‘ਕੂਕਾ ਪਲਟਨ’ ਦੀ ਸਥਾਪਨਾ ਕੀਤੀ। ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਦੇ ਦੋਸ਼ ‘ਚ ਸਤਿਗੁਰੂ ਜੀ ਨੂੰ ਜਲਾਵਤਨ ਕਰਕੇ ਰੰਗੂਨ ਭੇਜ ਦਿੱਤਾ ਗਿਆ। ਨਾਮਧਾਰੀ ਸਿੱਖਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ, ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਨੀਲਾਮ ਕਰ ਦਿੱਤੀਆਂ ਗਈਆਂ। ਬਹੁਤ ਸਾਰੇ ਨਾਮਧਾਰੀ ਸਿੱਖਾਂ ਨੂੰ ਪੱਥਰ ਬੰਨ੍ਹ ਕੇ ਸਮੁੰਦਰ ਵਿੱਚ ਡੁਬੋ ਕੇ ਮਾਰ ਦਿੱਤਾ ਗਿਆ। ਰਾਸ਼ਟਰੀ ਗੌਧਨ ਮਹਾਸੰਘ ਵੱਲੋਂ ਕੀਤੇ ਜਾ ਰਹੇ ਇਸ ਪ੍ਰੋਗਰਾਮ ਵਿੱਚ ਨਾਮਧਾਰੀ ਸਿੱਖਾਂ ਵੱਲੋਂ ਵਿਸ਼ਵ ਸ਼ਾਂਤੀ ਅਤੇ ਗੌ-ਰੱਖਿਆ ਲਈ ਹਵਨ ਯੱਗ ਵੀ ਕੀਤੇ ਗਏ।