ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਮਨਪ੍ਰੀਤ ਸਿੰਘ
ਰੂਪਨਗਰ , 25 ਦਸੰਬਰ
ਅੱਜ ਸਤਲੁਜ ਪਬਲਿਕ ਸਕੂਲ ਹੁਸੈਨਪੁਰ ਰੂਪਨਗਰ ਵਿਖੇ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ । ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਕੁਰਬਾਨੀਆਂ ਭਰੇ ਇਤਿਹਾਸ ਨਾਲ ਰੂਬਰੂ ਕਰਾਉਣਾ ਤੇ ਉਹਨਾਂ ਦੇ ਦਿਲਾਂ 'ਚ ਸੱਚਾਈ ,ਧਰਮ ਤੇ ਇਨਸਾਫ ਲਈ ਅਡੋਲ ਰਹਿਣ ਦੀ ਭਾਵਨਾ ਉਜਾਗਰ ਕਰਨਾ ਸੀ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਰਧਾ ਤੇ ਸਮਰਪਣ ਦੀ ਭਾਵਨਾ ਨਾਲ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਤੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।ਇਸ ਮੌਕੇ ਜੂਨੀਅਰ ਵਿੰਗ ਦੇ ਬੱਚਿਆਂ ਨੂੰ ' ਚਾਰ ਸਾਹਿਬਜ਼ਾਦੇ' ਫਿਲਮ ਵਿਖਾਈ ਗਈ। ਵਿਦਿਆਰਥੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਲੰਮੇ ਘੇਰੇ , ਸਰਸਾ ਨਦੀ 'ਤੇ ਪਏ ਪਰਿਵਾਰ ਵਿਛੋੜੇ, ਚਮਕੌਰ ਸਾਹਿਬ ਦੇ ਸਾਕੇ , ਸਰਹੰਦ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਤੱਕ ਸਫ਼ਰ-ਏ- ਸ਼ਾਹਦਤ ਦੀ ਦਾਸਤਾਨ ਸੁਣਾਈ । ਇਸ ਮੌੌਕ ਸਕੂਲ ਦੇ ਚੇਅਰਮੈਨ ਜੇ.ਕੇ. ਜੱਗੀ , ਸੀ.ਈ.ਓ. ਮਨਮੋਹਨ ਕਾਲੀਆ, ਪ੍ਰਿੰਸੀਪਲ ਕਮਲਜੀਤ ਕੌਰ ਨੇ ਕੌਮ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕੀਤਾ। ਸਕੂਲ ਚੇਅਰਮੈਨ ਜੱਗੀ ਨੇ ਕਿਹਾ ਕਿ ਸ਼ਹੀਦੀ ਪੰਦ੍ਹਰਵਾੜਾ ਸਾਨੂੰ ਹੱਕ ,ਸੱਚ ਤੇ ਜ਼ੁਲਮ ਦੇ ਵਿਰੁੱਧ ਡਟਣ ਦੀ ਪ੍ਰੇਰਨਾ ਦਿੰਦਾ ਹੈ। ਵਿਦਿਆਰਥੀਆਂ ਨੂੰ ਚਾਰ ਸਾਹਿਬਜ਼ਾਦਿਆਂ ਦੇ ਨਾਲ-ਨਾਲ ਪੰਜ ਪਿਆਰਿਆਂ ਤੇ ਪੰਜ ਤਖ਼ਤਾਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ।