ਮਹਿੰਗਾਈ-ਕਾਲਾਬਾਜ਼ਾਰੀ ਤੇ ਤੇਲ-ਗੈਸ ਕੀਮਤਾਂ 'ਚ ਅਸਹਿ ਵਾਧੇ ਖਿਲਾਫ ਪੰਜਾਬ ਭਰ ਵਿੱਚ ਰੋਸ ਮੁਜ਼ਾਹਰੇ
ਅਸ਼ੋਕ ਵਰਮਾ
ਜਲੰਧਰ ,18 ਮਈ 2026: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਸੀਪੀਆਈ (ਐਮ.ਐਲ.) ਲਿਬ੍ਰੇਸ਼ਨ ਦੇ ਸੱਦੇ 'ਤੇ ਅੱਜ ਕੁਕਿੰਗ ਗੈਸ, ਡੀਜ਼ਲ-ਪੈਟਰੌਲ ਅਤੇ ਸੀਐਨਜੀ ਦੀਆਂ ਕੀਮਤਾਂ 'ਚ ਮੋਦੀ ਸਰਕਾਰ ਵਲੋਂ ਕੀਤੇ ਗਏ ਅਸਹਿ ਵਾਧੇ ਖਿਲਾਫ ਸੂਬੇ ਭਰ 'ਚ ਜਿਲ੍ਹਾ ਅਤੇ ਤਹਿਸੀਲ ਕੇਂਦਰਾਂ 'ਤੇ ਤਿੱਖੇ ਰੋਸ ਵਿਖਾਵੇ ਕੀਤੇ ਗਏ ਹਨ। ਦੋਹਾਂ ਪਾਰਟੀਆਂ ਵਲੋਂ ਵਿਉਂਥੀ 'ਲੋਕਾਂ ਕੋਲ ਚੱਲੋ' ਮੁਹਿੰਮ, ਜੋ 28 ਮਈ ਤੱਕ ਜਾਰੀ ਰਹੇਗੀ, ਦੇ ਪਹਿਲੇ ਦਿਨ ਕੀਤੇ ਗਏ ਉਕਤ ਰੋਸ ਮੁਜ਼ਾਹਰਿਆਂ ਦੌਰਾਨ ਰਾਕੇਟ ਦੀ ਤੇਜ਼ੀ ਨਾਲ ਵਧਦੀ ਜਾ ਰਹੀ ਲੱਕ-ਤੋੜ ਮਹਿੰਗਾਈ ਅਤੇ ਸਰਕਾਰ ਤੇ ਪ੍ਰਸ਼ਾਸਨਿਕ ਮਸ਼ੀਨਰੀ ਦੀ ਮਿਲੀ ਭੁਗਤ ਨਾਲ ਕੀਤੀ ਜਾ ਰਹੀ ਜਰੂਰੀ ਵਸਤਾਂ ਦੀ ਬਲੈਕ ਤੇ ਕਾਲਾ ਬਾਜ਼ਾਰੀ ਨੂੰ ਵੀ ਸਖ਼ਤੀ ਨਾਲ ਰੋਕੇ ਜਾਣ ਦੀ ਜ਼ੋਰਦਾਰ ਮੰਗ ਉਭਾਰੀ ਗਈ ।
ਪ੍ਰਦਰਸ਼ਨਾਂ ਦੌਰਾਨ ਇਕੱਤਰ ਹੋਏ ਕਿਰਤੀ-ਕਿਸਾਨਾਂ, ਮਿਹਨਤਕਸ਼ਾਂ ਨੂੰ ਸ਼ ਸਾਥੀ ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖ਼ਤਪੁਰ, ਪਰਗਟ ਸਿੰਘ ਜਾਮਾਰਾਏ, ਰਾਜਬਿੰਦਰ ਰਾਣਾ, ਰਤਨ ਸਿੰਘ ਰੰਧਾਵਾ, ਰੁਲਦੂ ਸਿੰਘ ਮਾਨਸਾ, ਗੁਰਨਾਮ ਸਿੰਘ ਦਾਊਦ, ਡਾਕਟਰ ਸੱਤਨਾਮ ਸਿੰਘ ਅਜਨਾਲਾ, ਗੋਬਿੰਦ ਛਾਜਲੀ, ਸ਼ਿਵ ਕੁਮਾਰ ਪਠਾਨਕੋਟ, ਸੁਰਿੰਦਰ ਪਾਲ ਸ਼ਰਮਾ, ਨੱਥਾ ਸਿੰਘ ਢਡਵਾਲ, ਗੁਰਨਾਮ ਸਿੰਘ ਭੀਖੀ, ਮੋਹਨ ਸਿੰਘ ਧਮਾਣਾ, ਜਸਬੀਰ ਕੌਰ ਨੱਤ, ਪ੍ਰੋਫੈਸਰ ਜੈਪਾਲ ਸਿੰਘ, ਅਮੀ ਲਾਲ, ਰਘਬੀਰ ਸਿੰਘ ਬੈਨੀਪਾਲ, ਬਲਬੀਰ ਸਿੰਘ ਝਾਮਕਾ, ਸਰਬਜੀਤ ਗਿੱਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੇਸ਼ ਵਾਸੀਆਂ ਨੂੰ ਖਬਰਦਾਰ ਕਰਦਿਆਂ ਕਿਹਾ ਹੈ ਕਿ ਡੀਜ਼ਲ-ਪੈਟਰੌਲ ਦੇ ਰੇਟ ਵਧਣ ਨਾਲ ਰੋਜ਼ਾਨਾ ਦੀ ਜਰੂਰਤ ਦੀ ਹਰ ਵਸਤ ਮਹਿੰਗੀ ਹੋ ਜਾਵੇਗੀ, ਜਿਸ ਨਾਲ ਮਹਿੰਗਾਈ ਦੀ ਮਾਰ ਹੇਠ ਪਹਿਲਾਂ ਹੀ ਤ੍ਰਾਹ-ਤ੍ਰਾਹ ਕਰ ਰਹੇ ਆਮ ਲੋਕਾਂ ਦਾ ਜਿਉਣਾ ਹੋਰ ਵੀ ਦੂਭਰ ਹੋ ਜਾਵੇਗਾ।
ਉਨ੍ਹਾਂ ਦੋਸ਼ ਲਾਇਆ ਹੈ ਕਿ ਆਪਣੀ ਖੁਦ ਦੀ ਛਵੀ ਚਮਕਾਉਣ ਲਈ ਭੜਕੀਲੇ ਪ੍ਰਚਾਰ ਅਤੇ ਆਪਣੇ ਚਹੇਤੇ ਪੂੰਜੀਪਤੀਆਂ ਨੂੰ ਨਾਜਾਇਜ ਲਾਭ ਪੁਚਾਉਣ ਦੇ ਨਿਰੋਲ ਮਕਸਦ ਅਧੀਨ ਕੀਤੀਆਂ ਜਾਂਦੀਆਂ ਬੇਸ਼ੁਮਾਰ ਵਿਦੇਸ਼ ਯਾਤਰਾਵਾਂ ਤੇ ਦੇਸ਼ ਦੇ ਖਜ਼ਾਨੇ ਚੋਂ ਹਜ਼ਾਰਾਂ ਕਰੌੜ ਰੁਪਏ ਫੂਕਣ ਵਾਲਾ ਮੋਦੀ ਇਸ ਸੰਕਟ ਦੀ ਸਥਿਤੀ 'ਚ ਲੋਕਾਂ ਦੀ ਮਦਦ ਕਰਨ ਲਈ ਠੋਸ ਕਦਮ ਚੁੱਕਣ ਦੀ ਥਾਂ ਦੇਸ਼ ਵਾਸੀਆਂ ਨੂੰ 'ਭੁੱਖੇ ਮਰਨ' ਦੇ ਹਾਸੋਹੀਣੇ ਮਸ਼ਵਰੇ ਦੇ ਰਿਹਾ ਹੈ।
ਆਗੂਆਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੇ 12 ਸਾਲਾਂ ਦੇ ਰਾਜ ਦੌਰਾਨ ਵਿਸ਼ਵ ਮੰਡੀ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕਈ ਵੇਰ ਭਾਰੀ ਕਟੌਤੀ ਹੋਣ ਦੇ ਬਾਵਜੂਦ ਤੇਲ ਕੰਪਨੀਆਂ ਨੇ ਭਾਰਤ ਅੰਦਰ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਭੋਰਾ-ਭਰ ਵੀ ਨਹੀਂ ਸਨ ਘਟਾਈਆਂ ਅਤੇ ਭਾਰਤ ਦੇ ਗਰੀਬ ਖਪਤਕਾਰਾਂ ਦੀਆਂ ਜੇਬਾਂ 'ਤੇ ਲੱਖਾਂ ਕਰੋੜ ਰੁਪਏ ਦਾ ਡਾਕਾ ਮਾਰਿਆ ਹੈ।
ਉਹਨਾਂ ਕਿਹਾ ਕਿ ਡੀਜ਼ਲ-ਪੈਟਰੌਲ ਦੇ ਰੇਟਾਂ 'ਚ ਕੀਤਾ ਗਿਆ ਮੌਜੂਦਾ ਵਾਧਾ ਵੀ ਤੇਲ ਕੰਪਨੀਆਂ ਦੇ ਧਨਾਢ ਮਾਲਕਾਂ ਦੇ ਹਿਤ ਸੁਰੱਖਿਤ ਰੱਖਣ ਦੀ ਕਵਾਇਦ ਹੀ ਹੈ।
ਉਨ੍ਹਾਂ ਕਿਹਾ ਕਿ ਲੋਕੀ ਰਾਜ ਕਦਰਾਂ-ਕੀਮਤਾਂ, ਧਰਮ ਨਿਰਪੱਖ ਸਰੋਕਾਰਾਂ ਅਤੇ ਭਾਈਚਾਰਕ ਸਾਂਝ ਦੀਆਂ ਦੇਸ਼ ਭਰ 'ਚ ਧੱਜੀਆਂ ਉਡਾਉਣ ਤੋਂ ਪਿੱਛੋਂ ਸੰਘ-ਭਾਜਪਾ ਤੇ ਮੋਦੀ ਸਰਕਾਰ ਦਾ ਅਗਲਾ ਨਿਸ਼ਾਨਾ ਹੁਣ ਪੰਜਾਬ 'ਤੇ ਕਬਜ਼ਾ ਕਰਨਾ ਹੈ। ਇਹ ਫਿਰਕੂ-ਫਾਸ਼ੀ ਟੋਲੇ ਪੰਜਾਬ ਦੇ ਨਾਬਰੀ ਦੇ ਵਿਰਸੇ, ਅਨਿਆਂ ਖਿਲਾਫ ਜੂਝ ਮਰਨ ਦੀਆਂ ਪੰਜਾਬੀ ਖਿੱਤੇ ਦੀਆਂ ਨਰੋਈਆਂ ਪ੍ਰੰਪਰਾਵਾਂ, ਮਾਨਵੀ ਸਰੋਕਾਰਾਂ ਨਾਲ ਸੰਜੋਈ ਸਿਖ ਗੁਰੂ ਸਾਹਿਬਾਨ ਦੀ ਬਾਣੀ, ਭਗਤੀ ਲਹਿਰ ਦੇ ਮਹਾਨ ਰਹਿਬਰਾਂ ਤੇ ਸੂਫੀ-ਸੰਤਾਂ ਦੀਆਂ ਤਰਕਵਾਦੀ ਸਿਖਿਆਵਾਂ, ਗ਼ਦਰੀ ਸੂਰਬੀਰਾਂ ਅਤੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੀ ਇਨਕਲਾਬੀ ਵਿਚਾਰਧਾਰਾ ਨੂੰ ਆਪਣੇ ਉਕਤ ਘਿਨੌਣੇ ਮਕਸਦ ਦੀ ਪੂਰਤੀ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਸਮਝਦੀਆਂ ਹਨ ਅਤੇ ਪੰਜਾਬ ਦੇ ਜਾਇਆਂ ਨੂੰ ਉਪਰੋਕਤ ਪ੍ਰਗਤੀਸ਼ੀਲ ਸੋਚ ਤੋਂ ਬੇਮੁੱਖ ਕਰਨ ਲਈ ਹੋਛੇ ਹਥਕੰਡੇ ਵਰਤ ਰਹੀਆਂ ਹਨ। ਆਗੂਆਂ ਨੇ ਪ੍ਰਾਂਤ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਮੌਕਾਪ੍ਰਸਤ ਸਿਆਸੀ ਆਗੂਆਂ ਦਾ ਪੱਲਾ ਛੱਡ ਕੇ ਪੰਜਾਬ-ਪੰਜਾਬੀਅਤ ਨੂੰ ਹਿੰਦੂਤਵੀ-ਮਨੂੰਵਾਦੀ ਗ੍ਰੋਹਾਂ ਦੇ ਘਾਤਕ ਹੱਲੇ ਤੋਂ ਬਚਾਉਣ ਲਈ ਇਕਜੁੱਟ ਹੋਣ।
- Download Babushahi App
-
-