ਬੀ.ਸੀ.ਐਲ ਇੰਡਸਟਰੀਜ਼ ਲਿਮਟਿਡ ਵਿਖੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਕੀਤਾ ਗਿਆ ਜਾਗਰੂਕ
ਬਠਿੰਡਾ, 4 ਜੁਲਾਈ 2025 :ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਡਾ ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ, ਡਾ ਊਸ਼ਾ ਗੋਇਲ ਅਤੇ ਜਿਲ੍ਹਾ ਐਪੀਡੀਮੋਲੋਜਿਸਟ ਡਾ ਸੁਕਰਿਤੀ ਦੀ ਅਗਵਾਈ ਹੇਠ ਡੇਂਗੂ ਬੁਖਾਰ ਤੋ ਬਚਾਅ ਲਈ ਜਾਗਰੂਕਤਾ ਸਮਾਗਮ ਅਤੇ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆ ਜਾ ਰਹੀਆਂ ਹਨ । ਇਸੇ ਤਹਿਤ ਅੱਜ ਬੀ.ਸੀ.ਐਲ ਇੰਡਸਟਰੀ ਲਿਮਟਿਡ ਬਠਿੰਡਾ ਵਿਖੇ ਡੇਂਗੂ ਸਬੰਧੀ ਜਾਗਰੂਕ ਕੀਤਾ ਗਿਆ । ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ,ਜਿਲ੍ਹਾ , ਬੀ.ਈ.ਈ ਹਰਜਿੰਦਰ ਕੌਰ, ਐਸ.ਆਈ ਬੂਟਾ ਸਿੰਘ ਅਤੇ ਬੀ.ਸੀ.ਐਲ ਦੇ ਜੀ.ਐਮ ਐਸ.ਐਸ ਸੰਧੂ, ਸੀ.ਐਫ.ਓ ਗੁਲਾਬ ਸਿੰਘ, ਪੀ.ਆਰ.ਓ ਤਜਿੰਦਰ ਭੁੱਲਰ ਅਤੇ ਸਟਾਫ ਹਾਜਰ ਸੀ ।
ਜਿਲ੍ਹਾ ਸਿਹਤ ਅਫਸਰ ਡਾ ਊਸ਼ਾ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੀਮਾਰੀ ਮੁੱਖ ਤੌਰ 'ਤੇ ਮੱਛਰਾਂ ਰਾਹੀਂ ਫੈਲਦੀ ਹੈ, ਜੋ ਕਿ ਵਰਖਾ ਰੁੱਤ ਦੌਰਾਨ ਵਧੇਰੇ ਤੇਜ਼ੀ ਨਾਲ ਫੈਲਦੀ ਹੈ । ਡੇਂਗੂ ਐਡੀਜ਼ ਮੱਛਰ ਰਾਹੀਂ ਪੈਦਾ ਹੁੰਦਾ ਹੈ। ਇਨ੍ਹਾਂ ਬਿਮਾਰੀਆਂ ਦੇ ਨਿਯੰਤਰਣ ਲਈ ਸਰਕਾਰ ਅਤੇ ਸਮਾਜ ਦੋਹਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ। ਜਾਗਰੂਕਤਾ ਮੁਹਿੰਮਾਂ, ਸਾਫ਼-ਸਫਾਈ, ਅਤੇ ਮੱਛਰਾਂ ਦੇ ਪੈਦਾਵਾਰ ਸਥਾਨਾਂ ਦੀ ਸਫਾਈ ਕਰਕੇ ਅਸੀਂ ਇਨ੍ਹਾਂ ਰੋਗਾਂ ਨੂੰ ਰੋਕ ਸਕਦੇ ਹਾਂ। ਸਿਰਫ਼ ਇਲਾਜ ਹੀ ਨਹੀਂ, ਬਲਕਿ ਰੋਕਥਾਮ ਹੀ ਸਭ ਤੋਂ ਵਧੀਆ ਹਥਿਆਰ ਹੈ। ਉਹਨਾਂ ਦੱਸਿਆ ਕਿ ਘਰ ਜਾ ਕੇ ਆਪਣੇ ਘਰਾਂ ਅਤੇ ਆਲੇ ਦੁਆਲੇ ਨੂੰ ਚੈਕ ਕਰਨਾ ਹੈ ਜਿਥੇ ਵੀ ਪਾਣੀ ਖੜ੍ਹਨ ਵਾਲੇ ਸੋਮੇ ਮਿਲਣ ਉਹਨਾਂ ਨੂੰ ਖਾਲੀ ਕਰਨਾ ਹੈ ਤਾਂ ਕਿ ਡੇਂਗੂ ਮੱਛਰ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ । ਉਹਨਾਂ ਦੱਸਿਆ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜਾਂ ਨੂੰ ਡੇਂਗੂ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਬਿਮਾਰੀ ਤੇ ਸਮੇਂ ਰਹਿੰਦੀਆਂ ਕਾਬੂ ਪਾਇਆ ਜਾ ਸਕੇ ।
ਉਨ੍ਹਾਂ ਦੱਸਿਆ ਕਿ ਦਫਤਰਾਂ ਵਿੱਚ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਇਆ ਜਾਵੇ। ਜਿਸ ਦੌਰਾਨ ਘਰ ਵਿੱਚ ਮੌਜੂਦ ਕੂਲਰਾਂ, ਫਰਿਜ਼ ਦੀ ਟਰੇਅ, ਪੰਛੀਆਂ ਲਈ ਰਖੇ ਪਾਣੀ ਦੇ ਕਟੋਰੇ ਆਦਿ ਦੀ ਸਫਾਈ ਕੀਤੀ ਜਾਵੇ ਅਤੇ ਘਰ ਵਿੱਚ ਵਾਧੂ ਪਏ ਕਬਾੜ ਦਾ ਸਮਾਨ ਆਦਿ ਦਾ ਨਿਪਟਾਰਾ ਕੀਤਾ ਜਾਵੇ। ਇਸ ਤੋ ਇਲਾਵਾ ਘਰ ਦੇ ਨੇੜੇ ਖੜੇ ਪਾਣੀ ਅਤੇ ਛੱਪੜਾ ਆਦਿ ਵਿੱਚ ਹਰ ਹਫਤੇ ਕਾਲੇ ਤੇਲ ਦਾ ਛਿੜਕਾ ਕੀਤਾ ਜਾਵੇ ਤਾਂ ਜ਼ੋ ਮੱਛਰ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ। ਸਿਹਤ ਵਿਭਾਗ ਵੱਲੋ ਸਿਵਲ ਹਸਪਤਾਲ ਬਠਿੰਡਾ ਵਿਖੇ ਡੇਂਗੂ ਤੋ ਪੀੜਤ ਮਰੀਜ਼ਾ ਦੇ ਇਲਾਜ ਲਈ ਡੇਂਗੂ ਵਾਰਡ ਦੀ ਵਿਵਸਥਾ ਵੀ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਜੇ ਕਰ ਕਿਸੇ ਵਿਅਕਤੀ ਨੂੰ ਡੇਂਗੂ ਬੁਖਾਰ ਦੇ ਲੱਛਣ ਜਿਸ ਵਿੱਚ ਇਕ ਦਮ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਅੱਖਾ ਦੇ ਪਿਛਲੇ ਹਿਸੇ ਵਿੱਚ ਦਰਦ, ਚਮੜੀ ਤੇ ਦਾਣੇ ਆਦਿ ਨਜਰ ਆਉਣ ਤਾ ਤੁਰੰਤ ਸਿਹਤ ਸੰਸਥਾ ਵਿੱਚ ਜਾਕੇ ਜਾਂਚ ਕਰਵਾਈ ਜਾਵੇ। ਰਾਜ ਦੇ ਸਾਰੇ ਸਰਕਾਰੀ ਹਸਪਤਾਲਾ ਵਿੱਚ ਡੇਂਗੂ ਬੁਖਾਰ ਦੇ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ ।
ਉਹਨਾਂ ਸਮੂਹ ਸਮਾਜ ਸੇਵੀ ਸੰਸਥਾਵਾ ਦੇ ਨੁਮਾਇੰਦਿਆ ਅਤੇ ਜਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਡੇਂਗੂ ਬੁਖਾਰ ਦੀ ਰੋਕ ਥਾਮ ਲਈ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਰੇਬੀਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਬੀਜ਼ ਨਾਲ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਬਿਮਾਰੀ। ਕੁੱਤਾ, ਖਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ। ਉਹਨਾਂ ਕਿਹਾ ਕਿ ਜਾਨਵਰਾਂ ਦੇ ਵੱਢੇ, ਚੱਟੇ, ਝਰੀਟਾਂ, ਜਖ਼ਮਾਂ ਨੂੰ ਨਜ਼ਰਅੰਦਾਜ਼ ਨਾ ਕਰੋ ਬਲਕਿ ਜਖ਼ਮ ਨੂੰ ਵਗਦੇ ਪਾਣੀ ਵਿੱਚ 15 ਮਿੰਟ ਤੱਕ ਸਾਬਣ ਪਾਣੀ ਨਾਲ ਤੁਰੰਤ ਧੋਵੋ, ਮੌਕੇ ਤੇ ਮੌਜੂਦ ਆਇਓਡੀਨ, ਅਲਕੋਹਲ ਜਾਂ ਸਪਿਰਿਟ ਜਾਂ ਘਰ ਵਿੱਚ ਉਪਲਬਧ ਐਂਟੀਸੈਪਟਿਕ ਲਗਾਓ। ਜਖ਼ਮ ਤੇ ਮਿਰਚ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ ਬਲਕਿ ਜਲਦੀ ਤੋਂ ਜਲਦੀ ਮਾਹਿਰ ਡਾਕਟਰ ਨਾਲ ਸੰਪਰਕ ਕਰੋ ਅਤੇ ਤੁਰੰਤ ਬਾਅਦ ਸਮੇਂ ਸਿਰ ਆਪਣਾ ਰੇਬੀਜ਼ ਦਾ ਸੰਪੂਰਨ ਟੀਕਾਕਰਣ ਕਰਵਾਓ । ਸਰਕਾਰੀ ਹਸਪਤਾਲਾਂ, ਸੀ.ਐਚ.ਸੀਜ਼. ਵਿੱਚ ਜਾਨਵਰਾਂ ਦੇ ਵੱਢੇ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।