ਬਾਜਵਾ ਕਲੋਨੀ ਦੇ ਲੋਕ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ
ਲੀਕ ਹੋਏ ਸੀਵਰੇਜ ਦਾ ਪਾਣੀ ਘਰਾਂ ਚ ਆਉਣਾ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ 16 ਨਵੰਬਰ ਗੁਰਦਾਸਪੁਰ ਸ਼ਹਿਰ ਦੀ ਵਾਰਡ ਨੰਬਰ 23 ਦੇ ਮੁਹੱਲਾ ਬਾਜਵਾ ਕਲੋਨੀ ਦੇ ਵਿੱਚ ਪਏ ਸੀਵਰੇਜ ਦਾ ਕਿਧਰੇ ਵੀ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਇਸ ਕਲੋਨੀ ਦੇ ਗਲੀ ਨੰਬਰ ਇੱਕ ਦੀ ਹਾਲਤ ਤਾਂ ਇਥੋਂ ਤੱਕ ਬਦਤਰ ਹੋ ਚੁੱਕੀ ਹੈ ਕਿ ਪਾਣੀ ਲੋਕਾਂ ਦੇ ਘਰਾਂ ਅੰਦਰ ਵੜਨਾ ਸ਼ੁਰੂ ਹੋ ਗਿਆ। ਸੀਵਰੇਜ ਦੇ ਇਸ ਬਦਤਰ ਹੋਏ ਹਾਲਾਤਾਂ ਨੂੰ ਵੇਖਦੇ ਹੋਏ ਮੁਹੱਲਾ ਨਿਵਾਸੀਆਂ ਨੇ ਮੀਡੀਆ ਕਰਮਚਾਰੀਆਂ ਨੂੰ ਸੱਦ ਕੇ ਮੌਕੇ ਦੇ ਹਾਲਾਤ ਦੱਸੇ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਮਹੱਲਾ ਨਿਵਾਸੀ ਹਰਦੀਪ ਸਿੰਘ, ਬਲਬੀਰ ਕੌਰ, ਰਿਟਾਇਰਡ ਇੰਸਪੈਕਟਰ ਕੁਲਵੰਤ ਸਿੰਘ, ਅਮਨਦੀਪ ਸਿੰਘ, ਰਾਜੇਸ਼ ਕੁਮਾਰ, ਸਿਮਰਨਜੀਤ ਕੌਰ, ਜੋਤੀ ਅਤੇ ਪਰਮਿੰਦਰ ਕੌਰ ਆਦਿ ਨੇ ਦੱਸਿਆ ਕਿ ਇਸ ਸਮੱਸਿਆ ਲਗਭਗ ਪਿਛਲੇ ਦੋ ਤਿੰਨ ਸਾਲ ਤੋਂ ਬਣੀ ਹੋਈ ਹੈ। ਰਿਟਾਇਰਡ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਖੁਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਇਸ ਸਬੰਧੀ ਸ਼ਿਕਾਇਤ ਭੇਜੀ ਹੋਈ। ਪਰ ਇਸ ਦੇ ਬਾਵਜੂਦ ਵੀ ਇਸ ਤੇ ਕੋਈ ਕਾਰਵਾਈ ਨਹੀਂ ਹੋ ਰਹੀ।
ਮਹਲਾ ਨਿਵਾਸੀਆਂ ਨੇ ਦੱਸਿਆ ਕਿ ਇਸ ਗਲੀ ਦੇ ਵਿੱਚੋਂ ਲੰਘਦਿਆਂ ਹੋਇਆਂ ਕਈ ਵਾਰ ਬੱਚੇ ਅਤੇ ਸਿਆਣੇ ਵੀ ਇਸ ਚਿੱਕੜ ਵਿੱਚ ਡਿੱਗ ਚੁੱਕੇ ਹਨ।
ਮੁਹੱਲਾ ਨਿਵਾਸੀਆਂ ਨੇ ਸਰਕਾਰ ਅੱਗੇ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਵੱਲ ਜਲਦੀ ਤੋਂ ਜਲਦੀ ਧਿਆਨ ਦੇਣਾ ਚਾਹੀਦਾ ਹੈ। ਗਲੀ ਵਿੱਚ ਖੜੇ ਇਸ ਗੰਦੇ ਪਾਣੀ ਉੱਪਰ ਕਈ ਤਰ੍ਹਾਂ ਦੇ ਮੱਖੀ ਤੇ ਮੱਛਰ ਆਦਿ ਵੀ ਪਣਪ ਰਹੇ ਹਨ। ਜਿਸ ਕਾਰਨ ਮਹੱਲੇ ਵਿੱਚ ਡੇਂਗੂ ਅਤੇ ਮਲੇਰੀਆ ਫੈਲਣ ਦਾ ਖਦਸਾ ਪੈਦਾ ਹੋ ਗਿਆ ਹੈ।