ਪੰਜਾਬ ਸਰਕਾਰ ਨੇ ਡਾ. ਅਨਿਲ ਕੰਬੋਜ਼ ਦੇ ਇਲਾਜ ਲਈ ਚੁੱਕਿਆ ਵੱਡਾ ਕਦਮ
*ਸਿਹਤ ਮੰਤਰੀ ਵੱਲੋਂ ਮੈਡੀਸਿਟੀ ਸਮੇਤ ਡੀਂ.ਐਮ.ਸੀ ਹਸਪਤਾਲ ਦੀਆਂ ਮਾਹਿਰ ਡਾਕਟਰੀ ਟੀਮਾਂ ਨਾਲ ਰੱਖਿਆ ਜਾ ਰਿਹੈ ਲਗਾਤਾਰ ਰਾਬਤਾ
ਮੋਗਾ, 7 ਜੁਲਾਈ
ਮਸ਼ਹੂਰ ਅਦਾਕਾਰ ਤਾਨੀਆ ਦੇ ਪਿਤਾ ਡਾ. ਅਨਿਲ ਕੰਬੋਜ਼ ਦੇ ਗੋਲੀਆ ਲੱਗਣ ਕਾਰਣ ਮੈਡੀਸਿਟੀ ਹਸਪਤਾਲ ਮੋਗਾ ਵਿਖੇ ਚਲ ਰਹੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਡੀ.ਐਮ.ਸੀ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ।ਡਾਕਟਰੀ ਟੀਮਾਂ ਨਾਲ ਬਕਾਇਦਾ ਸਿਹਤ ਮੰਤਰੀ ਡਾ. ਬਲਬੀਰ ਸਿੰਘ ਰੋਜ਼ਾਨਾ ਪੱਧਰ ਤੇ ਰਾਬਤਾ ਰੱਖ ਰਹੇ ਹਨ।ਇਹ ਜਾਣਕਾਰੀ ਡੀ.ਐਮ.ਸੀ ਦੇ ਪ੍ਰੋਫੈਸਰ ਤੇ ਨਾਜ਼ੁਕ ਸੰਭਾਲ ਅਤੇ ਮੈਡੀਸ਼ਨ ਵਿਭਾਗ ਦੇ ਮੁਖੀ ਡਾ. ਪ੍ਰੋਸ਼ਤਮ ਗੋਤਮ ਨੇ ਡਾ. ਅਨਿਲ ਕੰਬੋਜ਼ ਦੀ ਸਿਹਤ ਜਾਂਚ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ।
ਡਾ. ਪ੍ਰੋਸ਼ਤਮ ਗੋਤਮ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਜਿੱਥੇ ਸਰੀਰ ਦੇ ਬਹੁਤੇ ਹਿੱਸੇ ਪ੍ਰਭਾਵਿਤ ਹੋ ਜਾਂਦੇ ਹਨ, ਉਥੇ ਖੂਨ ਦੀ ਕਾਫ਼ੀ ਕਮੀ ਹੁੰਦੀ ਹੈ, ਜਿਸਦੇ ਲਈ ਮਾਹਿਰ ਡਾਕਟਰਾਂ ਦੀਆਂ ਟੀਮਾਂ ਲਗਾਤਾਰ ਆਪਣੇ ਵੱਲੋਂ ਅਨਿਲ ਕੰਬੋਜ਼ ਦੀ ਸਿਹਤਯਾਬੀ ਲਈ ਹਰੇਕ ਤਕਨਲੋਜ਼ੀ ਤੇ ਕੰਮ ਕਰ ਰਹੀਆ ਹਨ।ਉਨ੍ਹਾਂ ਕਿਹਾ ਕਿ ਰਿਕਵਰੀ ਨੂੰ ਥੋੜਾ ਸਮਾਂ ਲੱਗ ਸਕਦਾ ਹੈ ਜਿਸਦੇ ਲਈ ਡਾਕਟਰੀ ਟੀਮਾਂ ਵੱਲੋਂ ਪੂਰੀ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਵਿਧਾਇਕ ਡਾਂ ਅਮਨਦੀਪ ਕੌਰ ਅਰੋੜਾ ਅਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਦਾਕਾਰ ਤਾਨੀਆ ਦੇ ਪਿਤਾ ਦੇ ਕੇਸ ਦੀ ਥੋੜੇ ਸਮੇਂ ਵਿੱਚ ਪੈਰਵੀ ਕਰਕੇ ਇਸ ਵਿਚਲੇ 3 ਦੋਸ਼ੀਆਂ ਨੂੰ ਗ੍ਰਿਫਤ ਵਿੱਚ ਲੈ ਲਿਆ ਗਿਆ ਹੈ। ਉਹਨਾਂ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਦਿੱਤੀ ਜਾਵੇਗੀ ਭਾਵੇਂ ਉਹ ਕੋਈ ਵੀ ਹੋਵੇ। ਸਮੁੱਚੀ ਲੀਡਰਸ਼ਿਪ ਦੀਆਂ ਦੁਆਵਾਂ ਵੀ ਡਾ. ਅਨਿਲ ਕੰਬੋਜ ਦੇ ਨਾਲ ਹਨ ਅਤੇ ਪਰਮਾਤਮਾ ਦੀ ਕਿਰਪਾ ਨਾਲ ਉਹ ਜਲਦੀ ਸਿਹਤਯਾਬ ਹੋਣਗੇ।