ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘ਨਿਆਏ ਨਿਤਯਮ 2.0 – ਕਾਨੂੰਨ ਉਤਸਵ 2025' ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 17 ਨਵੰਬਰ 2025: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਲੋਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸਰਪ੍ਰਸਤੀ ਹੇਠ 14 ਤੋਂ 16 ਨਵੰਬਰ 2025 ਤੱਕ ਤਿੰਨ ਦਿਨਾਂ ਕਾਨੂੰਨ ਉਤਸਵ “ਨਿਆਏ ਨਿਤਯਮ 2.0” ਦਾ ਸਫਲਤਾਪੂਰਵਕ ਕਰਵਾਇਆ ਗਿਆ। ਇਹ ਉਤਸਵ ਨੌਜਵਾਨਾਂ ਵਿੱਚ ਕਾਨੂੰਨੀ ਜਾਗਰੂਕਤਾ ਵਧਾਉਣ, ਅਕਾਦਮਿਕ ਵਾਤਾਵਰਣ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਨੂੰ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸਰਗਰਮ ਤੌਰ 'ਤੇ ਸ਼ਾਮਲ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਤੋਂ 350 ਤੋਂ ਵੱਧ ਵਿਦਿਆਰਥੀਆਂ, ਕਾਨੂੰਨੀ ਮਾਹਰਾਂ, ਜੱਜਾਂ, ਸਿੱਖਿਆ ਸ਼ਾਸਤਰੀਆਂ ਅਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ।
ਇਸ ਮੌਕੇ 'ਤੇ ਬਠਿੰਡਾ ਦੇ ਸੈਸ਼ਨ ਜੱਜ ਸ਼੍ਰੀ ਕਰੁਣੇਸ਼ ਕੁਮਾਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸ਼੍ਰੀਮਤੀ ਬਲਜਿੰਦਰ ਕੌਰ ਮਾਨ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਅਤੇ ਨਿਆਂ ਤੇ ਕਾਨੂੰਨੀ ਸਿੱਖਿਆ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਰਾਹੀਂ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ। ਇਸ ਮੌਕੇ ਕਾਨੂੰਨ ਵਿਭਾਗ ਦੇ ਮੁਖੀ ਡਾ. ਪੁਨੀਤ ਪਾਠਕ ਨੇ ਸਵਾਗਤੀ ਸੰਬੋਧਨ ਦਿੱਤਾ, ਡਾ. ਸੁਖਵਿੰਦਰ ਕੌਰ ਨੇ ਪ੍ਰੋਗਰਾਮ ਵਿਸ਼ੇ ਤੇ ਚਾਨਣਾ ਪਾਇਆ ਅਤੇ ਡਾ. ਵੀਰ ਮਯੰਕ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਉਦਘਾਟਰੀ ਸੈਸ਼ਨ ਤੋਂ ਬਾਅਦ ਕੁਇਜ਼, ਕਲਾਇੰਟ ਕਾਉਂਸਲਿੰਗ, ਸਕੂਲ ਪੱਧਰੀ ਬਹਿਸ ਅਤੇ ਇਕਰਾਰਨਾਮਾ ਤਿਆਰ ਕਰਨ ਸਮੇਤ ਕਈ ਅਕਾਦਮਿਕ ਮੁਕਾਬਲਿਆਂ ਨੇ ਪਹਿਲੇ ਦਿਨ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਬਣਾਇਆ। ਦੂਜੇ ਦਿਨ (15 ਨਵੰਬਰ) ਵਿਦਿਆਰਥੀਆਂ ਨੇ ਅਪਰਾਧ ਸਥਾਨ ਜਾਂਚ, ਯੁਵਾ ਸੰਸਦ (ਲੋਕ ਸਭਾ), ਵਿਚੋਲਗੀ ਅਤੇ ਕਾਲਜ ਪੱਧਰੀ ਬਹਿਸ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ। 16 ਨਵੰਬਰ 2025 ਨੂੰ ‘ਮਾਸਟਰੀ ਚੇਜ਼’ ਅਤੇ ‘ਏਆਈ ਬਨਾਮ ਹਿਉਮਨ’ ਵਰਗੇ ਪ੍ਰੋਗਰਾਮਾਂ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਵਿਸ਼ਲੇਸ਼ਣਾਤਮਕ ਯੋਗਤਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।