ਪੰਜਾਬੀ ਕਵੀ ਮਹਿੰਦਰ ਦੀਵਾਨਾ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਸੁਖਮਿੰਦਰ ਭੰਗੂ
ਲੁਧਿਆਣਾਃ 24 ਦਸੰਬਰ 2025- ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪੁਰਹੀਰਾਂ (ਹੋਸ਼ਿਆਰਪੁਰ) ਵਾਸੀ ਪੰਜਾਬੀ ਸ਼ਾਇਰ ਮਹਿੰਦਰ ਦੀਵਾਨਾ ਨੇ ਸਹਿਜ ਵਗਦੇ ਦਰਿਆ ਵਾਂਗ ਸਾਹਿੱਤ ਸਿਰਜਣਾ ਕੀਤੀ। ਸ. ਮਹਿੰਦਰ ਦੀਵਾਨਾ ਨੇ ਗ਼ਜ਼ਲ ਸਿਰਜਣਾ ਦਾ ਸਫ਼ਰ ਦੇਵਿੰਦਰ ਜੋਸ਼ ਨਾਲ ਮਿਸ ਕੇ 1967-68 ਦੇ ਨੇੜੇ ਆਰੰਭਿਆ। ਉਨ੍ਹਾਂ ਸਾਰੀ ਉਮਰ ਹੀ ਪ੍ਰਮੁੱਖਤਾ ਨਾਲ ਪੰਜਾਬੀ ਗ਼ਜ਼ਲ ਸਿਰਜਣਾ ਕਰਕੇ ਕੀਰਤੀ ਹਾਸਲ ਕੀਤੀ। ਪਿਛਲੇ ਸਾਲ ਹੀ ਉਨ੍ਹਾਂ ਦਾ ਆਖ਼ਰੀ ਕਾਵਿ ਸੰਗ੍ਹਹਿ ਛਪ ਕੇ ਆਇਆ ਸੀ।
ਪੰਜਾਬੀ ਕਵੀ ਇਕਵਿੰਦਰ ਸਿੰਘ ਢੱਟ ਨੇ ਮਹਿੰਦਰ ਦਾਵਾਨਾ ਜੀ ਦੀ ਮੌਤ ਦੀ ਖ਼ਬਰ ਦੇਦਿਆਂ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਹੋਸ਼ਿਆਰਪੁਰ ਵਿੱਚ ਕਰ ਦਿੱਤਾ ਗਿਆ ਹੈ। ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿਸੇ ਵਕਤ ਠਾਕੁਰ ਭਾਰਤੀ, ਦੇਵਿੰਦਰ ਜੋਸ਼, ਉਰਦੂ ਕਵੀ ਪ੍ਰੇਮ ਕੁਮਾਰ ਨਜ਼ਰ, ਗੌਰਮਿੰਟ ਕਾਲਿਜ ਹੋਸ਼ਿਆਰਪੁਰ ਦੇ ਅਧਿਆਪਕਾਂ ਡਾ. ਜਗਤਾਰ, ਰਣਧੀਰ ਸਿੰਘ ਚੱਦ ਤੇ ਦੀਦਾਰ ਗੜ੍ਹਦੀਵਾਲਾ ਕਰਕੇ ਪੰਜਾਬੀ ਤੇ ਉਰਦੂ ਗ਼ਜ਼ਲ ਦਾ ਕੇਂਦਰ ਮੰਨਿਆ ਜਾਂਦਾ ਸੀ। ਇਨ੍ਹਾਂ ਸਭਨਾਂ ਦੇ ਹਮਰਾਹ ਵੱਡੇ ਵੀਰ ਤੇ ਪਰਪੱਕ ਸ਼ਾਇਰ ਮਹਿੰਦਰ ਦੀਵਾਨਾ ਦੇ ਜਾਣ ਨਾਲ ਮੇਰੇ ਮਨ ਨੂੰ ਧੱਕਾ ਲੱਗਾ ਹੈ। ਉਨ੍ਹਾਂ ਦੀਆਂ ਕਾਵਿ ਰਚਨਾਵਾਂ “ਮੈ ਮੁਸਾਫ਼ਿਰ ਹਾਂ”,”ਮਿੱਟੀ ਗੱਲ ਕਰੇ”(ਗ਼ਜ਼ਲ ਸੰਗ੍ਰਹਿ)ਤੇ “ਭਵਿੱਖ ਸਾਡਾ ਹੈ “ (ਗ਼ਜ਼ਲ ਸੰਗ੍ਰਹਿ)ਭਵਿੱਖ ਪੀੜ੍ਹੀਆਂ ਦਾ ਰਾਹ ਰੁਸ਼ਨਾਉਂਦੀਆਂ ਰਹਿਣਗੀਆਂ।