ਪ੍ਰੀ-ਐਸ.ਆਈ.ਆਰ. ਗਤੀਵਿਧੀਆਂ ਤਹਿਤ ਮਾਨਸਾ ਜ਼ਿਲ੍ਹਾ ਪੰਜਾਬ ਭਰ ਵਿੱਚੋਂ ਤੀਜੇ ਸਥਾਨ 'ਤੇ : ਡੀਸੀ
ਡੀ.ਸੀ. ਨਵਜੋਤ ਕੌਰ ਵੱਲੋਂ ਸਮੂਹ ਉਪ ਮੰਡਲ ਮੈਜਿਸਟਰੇਟ ਅਤੇ ਫੀਲਡ ਸਟਾਫ਼ ਦੀ ਸ਼ਲਾਘਾ
ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ 95.69% ਕੰਮ ਮੁਕੰਮਲ, ਸ਼ਹਿਰੀ ਖੇਤਰਾਂ ਲਈ 5 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ
ਵੋਟਰਾਂ ਨੂੰ ਬੀ.ਐਲ.ਓਜ਼ ਨੂੰ ਸਹਿਯੋਗ ਦੇਣ ਦੀ ਅਪੀਲ
ਅਸ਼ੋਕ ਵਰਮਾ / ਬਾਬੂਸ਼ਾਹੀ ਬਿਊਰੋ
ਮਾਨਸਾ, 28 ਅਪ੍ਰੈਲ 2026 : ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਪ੍ਰੀ - ਸਪੈਸ਼ਲ ਇੰਟੈਂਸਿਵ ਰਵੀਜਨ ਗਤੀਵਿਧੀਆਂ ਤਹਿਤ ਵੋਟਰਾਂ ਦੀ ਮੈਪਿੰਗ ਦੇ ਕੰਮ ਵਿੱਚ ਮਾਨਸਾ ਜ਼ਿਲ੍ਹਾ, ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਭਰ ਵਿੱਚੋਂ ਤੀਜੇ ਸਥਾਨ ਉੱਤੇ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਆਈ.ਏ.ਐਸ. ਨੇ ਇਸ ਪ੍ਰਾਪਤੀ ਲਈ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟ ਅਤੇ ਫੀਲਡ ਸਟਾਫ ਦੀ ਸ਼ਲਾਘਾ ਕੀਤੀ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 5,93,212 ਵੋਟਰਾਂ ਵਿੱਚੋਂ 5,47,229 ਵੋਟਰਾਂ ਦੀ ਮੈਪਿੰਗ ਸਫਲਤਾਪੂਰਵਕ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 645 ਪੋਲਿੰਗ ਬੂਥਾਂ ਵਿੱਚੋਂ 353 ਬੂਥ ਅਜਿਹੇ ਹਨ, ਜਿਨ੍ਹਾਂ ਨੇ 95% ਤੋਂ ਵੱਧ ਦਾ ਅੰਕੜਾ ਪਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਜ਼ਿਲ੍ਹੇ ਵਿੱਚ ਇੱਕ ਵੀ ਬੂਥ ਅਜਿਹਾ ਨਹੀਂ ਹੈ, ਜਿੱਥੇ ਪ੍ਰਗਤੀ 50% ਤੋਂ ਘੱਟ ਹੋਵੇ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਦੱਸਿਆ ਕਿ ਬੁਢਲਾਡਾ ਨੇ 94.32% ਅਤੇ ਸਰਦੂਲਗੜ੍ਹ ਨੇ 93.43% ਅੰਕਾਂ ਨਾਲ 'ਮਾਡਲ ਹਲਕਿਆਂ' ਵਜੋਂ ਉੱਭਰ ਕੇ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਵਿਧਾਨ ਸਭਾ ਹਲਕੇ ਦੀ ਪ੍ਰਗਤੀ 89.38% ਹੈ, ਜਿਸ ਵਿੱਚ ਸ਼ਹਿਰੀ ਖੇਤਰ ਹੋਣ ਕਾਰਨ ਕੁਝ ਚੁਣੌਤੀਆਂ ਹਨ, ਪਰ ਹੁਣ ਉੱਥੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ 95.69% ਕੰਮ ਹੋ ਚੁੱਕਾ ਹੈ, ਜੋ ਕਿ ਸੂਬੇ ਵਿੱਚ ਸਭ ਤੋਂ ਉੱਤਮ ਹੈ।
ਡੀ.ਸੀ. ਨਵਜੋਤ ਕੌਰ ਨੇ ਕਿਹਾ, "ਸਾਡਾ ਅਗਲਾ ਨਿਸ਼ਾਨਾ ਮਾਨਸਾ ਨੂੰ ਪੰਜਾਬ ਵਿੱਚ ਪਹਿਲੇ ਸਥਾਨ 'ਤੇ ਲਿਆਉਣਾ ਹੈ। ਇਸ ਲਈ ਮਾਨਸਾ ਸ਼ਹਿਰੀ ਖੇਤਰ ਲਈ 5 ਦਿਨਾਂ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।" ਉਨ੍ਹਾਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਮਾਨਸਾ ਨੂੰ ਸ਼ਹਿਰੀ ਬੀ.ਐਲ.ਓਜ਼ ਦੇ ਕੰਮ ਦੀ ਨਿੱਜੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਉਮੀਦ ਜਤਾਈ ਕਿ ਜੇਕਰ ਅਗਲੇ ਇੱਕ ਹਫ਼ਤੇ ਵਿੱਚ ਤੇਜ਼ੀ ਲਿਆਂਦੀ ਗਈ, ਤਾਂ ਜ਼ਿਲ੍ਹਾ 95% ਤੋਂ ਵੱਧ ਦੇ ਅੰਕੜੇ ਨਾਲ ਸੂਬੇ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਸਕਦਾ ਹੈ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਭਾਰਤ ਚੋਣ ਕਮਿਸ਼ਨ ਦੇ ਇਸ ਅਹਿਮ ਕਾਰਜ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
Click to Follow Babushahi Facebook page →