ਪਾਵਰਕੌਮ ਦਾ ਲੱਖਾਂ ਦਾ ਨੁਕਸਾਨ , ਸੀਸੀਟੀਵੀ ਵੀ ਆਈ ਸਾਹਮਣੇ
ਇਲਾਕਾ ਨਿਵਾਸੀਆਂ ਦਾ ਦੋਸ਼ ਸ਼ਰਾਬੀ ਹਾਲਤ ਵਿੱਚ ਸੀ ਪੁਲਿਸ ਅਧਿਕਾਰੀ , ਮੁਲਾਹਜਾ ਕਰਾਉਣ ਨੂੰ ਲੈ ਕੇ ਪੁਲਿਸ ਅਤੇ ਇਲਾਕਾ ਨਿਵਾਸੀਆਂ ਦਰਮਿਆਨ ਹੋਇਆ ਵੱਡਾ ਹੰਗਾਮਾ
ਰੋਹਿਤ ਗੁਪਤਾ
ਗੁਰਦਾਸਪੁਰ 25 ਅਪ੍ਰੈਲ
ਸ਼ਹਿਰ ਦੇ ਪ੍ਰੇਮ ਨਗਰ ਰੋਡ ਤੇ ਦੇਰ ਰਾਤ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਇੱਕ ਪੰਜਾਬ ਪੁਲਿਸ ਦੇ ਏਐਸਆਈ ਨੇ ਆਪਣੀ ਕਾਰ ਸੜਕ ਕਿਨਾਰੇ ਟਰਾਂਸਫਾਰਮਰ ਵਾਲੇ ਖੰਬੇ ਵਿੱਚ ਠੋਕ ਦਿੱਤੀ ਜਿਸ ਨਾਲ ਖੰਬਾ ਪੂਰੀ ਤਰ੍ਹਾਂ ਨਾਲ ਡਿੱਗ ਗਿਆ ਤੇ ਦੋ ਟਰਾਂਸਫਾਰਮਰ ਵੀ ਟੁੱਟ ਕੇ ਹੇਠਾਂ ਡਿੱਗ ਪਏ । ਇਹੋ ਨਹੀਂ ਦੂਰ ਤੱਕ ਤਾਰਾ ਟੁੱਟ ਕੇ ਸੜਕ ਦੇ ਅੱਧ ਵਿਚਕਾਰ ਆ ਪਈਆਂ ।ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਘਟਨਾ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਅਧਿਕਾਰੀ ਬੇਹਦ ਤੇਜ਼ ਗਤੀ ਨਾਲ ਗੱਡੀ ਚਲਾ ਰਿਹਾ ਸੀ ਅਤੇ ਇੱਕ ਹੋਰ ਕਾਰ ਨੂੰ ਕਰੋਸ ਕਰਨ ਤੋਂ ਬਾਅਦ ਉਸਨੇ ਸਿੱਧੀ ਆਪਣੀ ਕਾਰ ਟਰਾਂਸਫਾਰਮਰਾਂ ਵਾਲੇ ਖੰਬੇ ਵਿੱਚ ਠੋਕ ਦਿੱਤੀ । ਕਾਰ ਦੀ ਟੱਕਰ ਤੋਂ ਬਾਅਦ ਅੱਗ ਦਾ ਭਬਾਕਾ ਉੱਠਦਾ ਵੀ ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਹੈ। ਦੁਰਘਟਨਾ ਨਾਲ ਜਿੱਥੇ ਪੁਲਿਸ ਵਾਲੇ ਦੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਅਤੇ ਪੁਲਿਸ ਵਾਲੇ ਦੇ ਵੀ ਸੱਟਾਂ ਲੱਗੀਆਂ ਹਨ ਉੱਥੇ ਹੀ ਅੱਧੇ ਸ਼ਹਿਰ ਦੀ ਬਿਜਲੀ ਗੁੱਲ ਹੋ ਗਈ ਜਿਸ ਨੂੰ ਠੀਕ ਕਰਨ ਲਈ ਕਈ ਦਿਨ ਲੱਗ ਜਾਣਗੇ । ਉੱਥੇ ਹੀ ਗੁੱਸਾਏ ਇਲਾਕਾ ਨਿਵਾਸੀਆਂ ਅਤੇ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਐਸਐਚ ਓ ਅਮਨਦੀਪ ਸਿੰਘ ਦਰਮਿਆਨ ਖੂਬ ਬਹਿਸਬਾਜੀ ਹੋਈ । ਇਲਾਕਾ ਨਿਵਾਸੀ ਮੰਗ ਕਰ ਰਹੇ ਸਨ ਕਿ ਤੁਰੰਤ ਪੁਲਿਸ ਦੇ ਇਸ ਏਐਸਆਈ ਦਾ ਮੁਲਾਹਿਜਾ ਕਰਾਇਆ ਜਾਏ। ਹਾਲਾਂਕਿ ਪੁਲਿਸ ਅਧਿਕਾਰੀ ਜੋ ਆਪਣੇ ਆਪ ਨੂੰ ਗੁਰੂ ਨਾਨਕ ਸਿੰਘ ਚੌਕੀ ਇੰਚਾਰਜ ਦੋਸਤਪੁਰ ਦੱਸ ਰਿਹਾ ਸੀ ਨੇ ਦਾਅਵਾ ਕੀਤਾ ਕਿ ਉਸਨੇ ਸ਼ਰਾਬ ਨਹੀਂ ਪੀਤੀ । ਮੌਕੇ ਤੇ ਪਹੁੰਚੀ ਥਾਣਾ ਸਦਰ ਪੁਲਿਸ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਲਈ ਹਸਪਤਾਲ ਲੈ ਜਾਣ ਦੀ ਗੱਲ ਕਰ ਰਹੀ ਸੀ ਪਰ ਇਲਾਕਾ ਨਿਵਾਸੀ ਮੰਗ ਕਰ ਰਹੇ ਸਨ ਕਿ ਉਹਨਾਂ ਵਿੱਚੋਂ ਕਿਸੇ ਨੂੰ ਹਸਪਤਾਲ ਵਿੱਚ ਨਾਲ ਲਿਜਾਇਆ ਜਾਏ ਤਾਂ ਜੋ ਉਕਤ ਪੁਲਿਸ ਮੁਲਾਜ਼ਮ ਦਾ ਮੁਲਾਹਜਾ ਆਪਣੇ ਸਾਹਮਣੇ ਕਰਵਾ ਸਕਣ ।
ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਹੀ ਇੱਥੇ ਇੱਕ ਹੋਰ ਪੁਲਿਸ ਅਧਿਕਾਰੀ ਨੇ ਸਬਜ਼ੀ ਵਾਲੀ ਰੇਹੜੀ ਵਿੱਚ ਗੱਡੀ ਠੋਕ ਦਿੱਤੀ ਸੀ ਅਤੇ ਇਸ ਦੁਰਘਟਨਾ ਵਿੱਚ ਵੀ ਗਰੀਬ ਸਬਜ਼ੀ ਵੇਚਣ ਵਾਲਾ ਗੰਭੀਰ ਜ਼ਖਮੀ ਹੋਇਆ ਸੀ ਅਤੇ ਉਸਦੀਆਂ ਸਬਜ਼ੀਆਂ ਅਤੇ ਰੇਹੜੀ ਦਾ ਵੀ ਵੱਡਾ ਨੁਕਸਾਨ ਹੋਇਆ ਸੀ ।
ਉਧਰ ਮੌਕੇ ਤੇ ਪਹੁੰਚੇ ਪਾਵਰਕੌਮ ਦੇ ਜੇਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਦੁਰਘਟਨਾ ਵਿੱਚ ਪਾਵਰਕੌਨ ਦਾ ਸੱਤ-ਅਠ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਕਿਉਂਕਿ ਦੋਵੇਂ ਟਰਾਂਸਫਾਰਮਰ ਅਤੇ ਪੋਲ ਬੁਰੀ ਤਰ੍ਹਾਂ ਨਾਲ ਟੁੱਟ ਗਏ ਹਨ ਜਦ ਕਿ ਤਾਰਾਂ ਵੀ ਕਾਫੀ ਟੁੱਟ ਗਈਆਂ ਹਨ। ਦੋ ਫੀਡਰ ਹੋਣ ਕਾਰਨ ਕਰੀਬ ਅੱਧੇ ਸ਼ਹਿਰ ਦੀ ਬੱਤੀ ਇਧਰੋਂ ਆਂਉਦੀ ਹੈ ਜੋ ਬੰਦ ਹੋ ਗਈ ਹੈ । ਪਾਵਰਕੌਮ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਕੀਤੀ ਜਾਵੇਗੀ ਤਾਂ ਜੋ ਗੱਡੀ ਠੋਕਣ ਵਾਲੇ ਪੁਲਿਸ ਅਧਿਕਾਰੀ ਤੋਂ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।
Click to Follow Babushahi Facebook page →