ਨਿੱਜੀਕਰਨ ਤੇ ਜੀ ਰਾਮ ਜੀ ਕਾਨੂੰਨ ਖਿਲਾਫ 22 ਦੇ ਸਾਂਝੇ ਧਰਨਿਆਂ ਲਈ ਖੇਤ ਮਜ਼ਦੂਰਾਂ ਮੁਹਿੰਮ ਵਿੱਢੀ
ਅਸ਼ੋਕ ਵਰਮਾ
ਚੰਡੀਗੜ੍ਹ,17 ਫਰਵਰੀ 2026:ਪੰਜਾਬ ਦੀਆਂ ਦਰਜਨਾਂ ਮਜ਼ਦੂਰ ਕਿਸਾਨ ਮੁਲਾਜ਼ਮ ਤੇ ਠੇਕਾ ਕਾਮਿਆਂ ਦੀਆਂ ਜਥੇਬੰਦੀਆਂ ਵੱਲੋਂ 22 ਫਰਵਰੀ ਨੂੰ ਪੰਜਾਬ ਭਰ 'ਚ ਭਾਜਪਾ ਤੇ ਆਪ ਆਗੂਆਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ 'ਚ ਖੇਤ ਮਜ਼ਦੂਰਾਂ ਦੀ ਭਰਵੀਂ ਸ਼ਮੂਲੀਅਤ ਕਰਾਉਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ,ਮੋਗਾ , ਬਠਿੰਡਾ, ਸੰਗਰੂਰ, ਜਲ਼ੰਧਰ ਤੇ ਬਰਨਾਲਾ ਦੇ ਪਿੰਡਾਂ 'ਚ ਕੀਤੀਆਂ ਜਾ ਰਹੀਆਂ ਜਨਤਕ ਮੀਟਿੰਗਾਂ ਨੂੰ ਮਜ਼ਦੂਰ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ,ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਵਿੱਤ ਸਕੱਤਰ ਹਰਮੇਸ਼ ਮਾਲੜੀ ਵੱਲੋਂ ਜ਼ਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ।
ਉਹਨਾਂ ਦੱਸਿਆ ਕਿ 22 ਫਰਵਰੀ ਦੇ ਧਰਨੇ ਕੇਂਦਰ ਦੀ ਮੋਦੀ ਹਕੂਮਤ ਤੇ ਪੰਜਾਬ ਦੀ ਆਪ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਿੱਜੀਕਰਨ,ਪੰਚਾਇਤੀਕਰਨ ਦੀਆਂ ਨੀਤੀਆਂ ਰੱਦ ਕਰਨ, ਮਨਰੇਗਾ ਦੀ ਥਾਂ ਲਿਆਂਦੇ ਜੀ ਰਾਮ ਜੀ ਕਾਨੂੰਨ ਨੂੰ ਰੱਦ ਕਰਕੇ ਮਨਰੇਗਾ ਨੂੰ ਬਹਾਲ ਕਰਨ , ਬਿਜਲੀ ਸੋਧ ਬਿੱਲ 2025 , ਮਜ਼ਦੂਰ ਵਿਰੋਧੀ ਲੇਬਰ ਕੋਡ ਅਤੇ ਦੋਸ਼ ਵਿਰੋਧੀ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਦਿੱਤੇ ਜਾਣਗੇ । ਵੱਖ ਵੱਖ ਥਾਵਾਂ 'ਤੇ ਜੁੜੇ ਇਕੱਠਾਂ ਨੂੰ ਮਜ਼ਦੂਰ ਆਗੂ ਮੇਜਰ ਸਿੰਘ ਕਾਲੇਕੇ, ਗੁਰਪਾਲ ਸਿੰਘ ਨੰਗਲ ਤੇ ਹਰਭਗਵਾਨ ਸਿੰਘ ਮੂਣਕ ਤੋਂ ਇਲਾਵਾ ਸਥਾਨਕ ਆਗੂਆਂ ਨੇ ਸੰਬੋਧਨ ਕੀਤਾ। ਖੇਤ ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਲਗਾਤਾਰ ਮਜ਼ਦੂਰ ਕਿਸਾਨ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰ ਰਹੀਆਂ ਹਨ ਅਤੇ ਇਹਨਾਂ ਨੀਤੀਆਂ ਦਾ ਵਿਰੋਧ ਕਰਦੇ ਕਿਰਤੀ ਲੋਕਾਂ 'ਤੇ ਜ਼ੁਲਮ ਢਾਹ ਰਹੀਆਂ ਹਨ।
ਉਹਨਾਂ ਆਖਿਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜੀ ਰਾਮ ਜੀ ਕਾਨੂੰਨ ਤਹਿਤ ਮਜ਼ਦੂਰਾਂ ਨੂੰ 125 ਦਿਨ ਕੰਮ ਦੇਣ ਦੇ ਫਰੇਬੀ ਐਲਾਨਾਂ ਰਾਹੀਂ ਮਜ਼ਦੂਰਾਂ ਨੂੰ ਮਨਰੇਗਾ 'ਚ ਮਿਲਦਾ ਨਾਂਮਾਤਰ ਰੁਜ਼ਗਾਰ ਵੀ ਖੋਹਣ 'ਤੇ ਉਤਰ ਆਈ ਹੈ ਅਤੇ ਬਿਜਲੀ ਦੇ ਮੁਕੰਮਲ ਨਿੱਜੀਕਰਨ ਰਾਹੀਂ ਕਿਰਤੀ ਲੋਕਾਂ ਤੋਂ ਬਿਜਲੀ ਖੋਹ ਕੇ ਉਹਨਾਂ ਦੇ ਘਰਾਂ 'ਚ ਹਨੇਰਾ ਕਰਨ ਦੀ ਸਾਜ਼ਿਸ਼ ਕਰ ਰਹੀ ਹੈ। ਉਹਨਾਂ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਨਿੱਜੀਕਰਨ ਤੇ ਪੰਚਾਇਤੀਕਰਨ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਬਿਜਲੀ ਬੋਰਡ ਸਮੇਤ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚ ਰਹੀ ਹੈ। ਬੁਲਾਰਿਆਂ ਨੇ ਭਾਜਪਾ ਤੇ ਆਪ ਦੇ ਰਾਜ਼ 'ਚ ਦਲਿਤ ਵਰਗ ਉੱਤੇ ਜ਼ਬਰ ਦੀਆਂ ਘਟਨਾਵਾਂ 'ਚ ਤੇਜ਼ੀ ਨਾਲ ਵਧਣ ਦੇ ਦੋਸ਼ ਲਾਉਂਦਿਆਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਤੇ ਆਪ ਸਮੇਤ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਭਲੇ ਦੀ ਝਾਕ ਛੱਡ ਕੇ ਆਪਣੀ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰਨ ਅਤੇ ਹਕੂਮਤੀ ਨੀਤੀਆਂ ਦੀ ਮਾਰ ਸਹਿੰਦੇ ਸਭਨਾਂ ਕਿਰਤੀ ਕਮਾਊ ਲੋਕਾਂ ਨਾਲ ਸੰਘਰਸ਼ੀ ਸਾਂਝ ਵਿਕਸਤ ਕਰਦੇ ਹੋਏ 22 ਫਰਵਰੀ ਦੇ ਧਰਨਿਆਂ 'ਚ ਪਰਿਵਾਰਾਂ ਸਮੇਤ ਸ਼ਾਮਲ ਹੋਣ।