ਨਸ਼ੇ ਸਪਲਾਈ ਰੈਕਟ ਦਾ ਪਰਦਾਫਾਸ਼; 3 ਕਾਬੂ
ਦੀਦਾਰ ਗੁਰਨਾ
* 01 ਕਿੱਲੋ 625 ਗ੍ਰਾਮ ਚਿੱਟਾ/ਹੈਰੋਇਨ, 03 ਪਿਸਟਲ 32 ਬੋਰ, 02 ਦੇਸੀ ਕੱਟੇ 12 ਬੋਰ ਸਮੇਤ 13 ਰੌਂਦ ਅਤੇ 12 ਮੋਬਾਈਲ ਫੋਨ ਬ੍ਰਾਮਦ
* ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ
ਸੰਗਰੂਰ, 12 ਜੁਲਾਈ 2025 - ਸਰਤਾਜ ਸਿੰਘ ਚਾਹਲ , ਐਸ.ਐਸ.ਪੀ.,ਸੰਗਰੂਰ ਵੱਲੋਂ ਅੱਜ ਇਥੇ ਪੁਲੀਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ‘‘ਯੁੱਧ ਨਸ਼ਿਆਂ ਵਿਰੱਧ ” ਤਹਿਤ ਕਾਰਵਾਈ ਕਰਦੇ ਹੋਏ ਨਸ਼ੇ ਸਪਲਾਈ ਦੇ ਰੈਕਟ ਦਾ ਪਰਦਾਫਾਸ ਕਰ ਕੇ 03 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ 01 ਕਿੱਲੋ 625 ਗ੍ਰਾਮ ਚਿੱਟਾ/ਹੈਰੋਇਨ, 03 ਪਿਸਟਲ 32 ਬੋਰ, 02 ਦੇਸੀ ਕੱਟੇ 12 ਬੋਰ ਸਮੇਤ 13 ਰੌਂਦ ਅਤੇ 12 ਮੋਬਾਈਲ ਫੋਨ ਬ੍ਰਾਮਦ ਕਰਵਾਏ ਗਏ।
ਚਾਹਲ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਵਿਖੇ 125 ਗ੍ਰਾਮ ਹੈਰੋਇਨ/ਚਿੱਟਾ, 01 ਪਿਸਟਲ .32 ਬੋਰ, 07 ਕਾਰਤੂਸ ਅਤੇ 04 ਮੋਬਾਈਲ ਫੋਨ ਬ੍ਰਾਮਦ ਹੋਣ ਉਪਰੰਤ ਮੁਕੱਦਮਾ ਨੰਬਰ 69 ਮਿਤੀ 09.04.2025 ਅ/ਧ 21/61/85 ਐਨ.ਡੀ.ਪੀ.ਐਸ ਐਕਟ, 25/27 ਅਸਲਾ ਐਕਟ ਅਤੇ 123,221 ਬੀ.ਐਨ.ਐਸ ਥਾਣਾ ਸਦਰ ਧੂਰੀ ਬਰਖਿਲਾਫ ਨਿਗਮ ਉਰਫ ਲੱਕੀ ਉਮਰ ਕਰੀਬ 24 ਸਾਲ ਵਾਸੀ ਸੰਗਰੂਰ ਅਤੇ ਗੁਰਪ੍ਰੀਤ ਸਿੰਘ ਉਰਫ ਭੈਰੋਂ ਉਮਰ ਕਰੀਬ 28 ਸਾਲ ਵਾਸੀ ਸੰਗਰੂਰ ਅਤੇ 03 ਨਾਮਲੂਮ ਵਿਅਕਤੀਆਨ ਖਿਲਾਫ ਦਰਜ ਕੀਤਾ ਗਿਆ ਸੀ, ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਸਨ।
ਦੌਰਾਨੇ ਤਫਤੀਸ਼ ਸ਼੍ਰੀ ਦਵਿੰਦਰ ਅੱਤਰੀ, ਕਪਤਾਨ ਪੁਲੀਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ਼੍ਰੀ ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਅਤੇ ਇੰਸਪੈਕਟਰ ਕਰਨਵੀਰ ਸਿੰਘ, ਮੁੱਖ ਅਫਸਰ ਥਾਣਾ ਸਦਰ ਧੂਰੀ ਸਮੇਤ ਪੁਲਿਸ ਪਾਰਟੀ ਦੀਆਂ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਨਿਗਮ ਉਰਫ ਲੱਕੀ ਉਕਤ, ਜੋ ਮੁਕੱਦਮਾ ਨੰਬਰ 76/24 ਥਾਣਾ ਸਿਟੀ ਸੰਗਰੂਰ ਵਿੱਚ ਗ੍ਰਿਫਤਾਰ ਹੋਣ ਉਪਰੰਤ ਜ਼ਿਲ੍ਹਾ ਜੇਲ੍ਹ ਸੰਗਰੂਰ ਬੰਦ ਸੀ, ਨੂੰ ਪ੍ਰੋਡਕਸ਼ਨ ਵਰੰਟ 'ਤੇ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪੁੱਛ-ਗਿੱਛ ਦੇ ਅਧਾਰ 'ਤੇ ਮਿਤੀ 08.07.2025 ਨੂੰ ਮੁਕੱਦਮਾ 69/25 ਥਾਣਾ ਸਦਰ ਧੂਰੀ ਵਿੱਚ ਜਸਪਾਲ ਸਿੰਘ ਉਰਫ ਬਿੱਲਾ ਉਮਰ ਕਰੀਬ 23 ਸਾਲ ਵਾਸੀ ਸੰਗਰੂਰ ਨੂੰ ਨਾਮਜ਼ਦ ਕਰ ਕੇ ਗ੍ਰਿਫਤਾਰ ਕਰਨ ਉਪਰੰਤ ਉਸ ਦੇ ਕਬਜ਼ੇ ਵਿੱਚੋਂ 02 ਪਿਸਟਲ 32 ਬੋਰ ਬ੍ਰਾਮਦ ਕਰਾਏ ਗਏ।
ਜਸਪਾਲ ਸਿੰਘ ਉਰਫ ਬਿੱਲਾ ਦੀ ਪੁੱਛ-ਗਿੱਛ ਦੇ ਆਧਾਰ 'ਤੇ ਸਤਨਾਮ ਸਿੰਘ ਉਰਫ ਸੱਤਾ ਉਮਰ ਕਰੀਬ 23 ਸਾਲ ਵਾਸੀ ਪੂਹਲਾ ਥਾਣਾ ਭਿਖੀਵਿੰਡ, ਜੋ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਖੇ ਬੰਦ ਸੀ, ਨੂੰ ਨਾਮਜ਼ਦ ਕੀਤਾ ਗਿਆ। ਜਿਸ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਉਸ ਪਾਸੋਂ ਜ਼ਿਲ੍ਹਾ ਜੇਲ ਵਿੱਚ ਸਪਲਾਈ ਕੀਤੇ 08 ਮੋਬਾਈਲ ਫੋਨ ਬ੍ਰਾਮਦ ਕਰਵਾ ਕੇ ਮੁਕੱਦਮਾ ਨੰਬਰ 121 ਮਿਤੀ 11.07.2025 ਅ/ਧ 52ਏ ਪ੍ਰਿਜ਼ਨ ਐਕਟ ਥਾਣਾ ਸਿਟੀ-1 ਸੰਗਰੂਰ ਦਰਜ ਕੀਤਾ ਗਿਆ।
ਮਿਤੀ 11.07.2025 ਨੂੰ ਜਸਪਾਲ ਸਿੰਘ ਉਰਫ ਬਿੱਲਾ ਪਾਸੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕਰਨ 'ਤੇ 01 ਕਿੱਲੋ 500 ਗ੍ਰਾਮ ਹੈਰੋਇਨ/ਚਿੱਟਾ, 01 ਪਿਸਟਲ 32 ਬੋਰ, 01 ਦੇਸੀ ਕੱਟਾ 12 ਬੋਰ, 04 ਰੋਂਦ 32 ਬੋਰ, 02 ਕਾਰਤੂਸ 12 ਬੋਰ ਬ੍ਰਾਮਦ ਕਰਾਏ ਗਏ।
ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਭੈਰੋਂ ਉਮਰ ਕਰੀਬ 28 ਸਾਲ ਵਾਸੀ ਸੰਗਰੂਰ ਹਾਲੇ ਗ੍ਰਿਫਤਾਰ ਨਹੀਂ ਹੋਇਆ ਹੈ।