ਧੰਨਵਾਦ ਦਾਨੀ ਸੱਜਣੋ-ਕਟਵਾ ਦਿੱਤੀ ਰਸੀਦ
ਰੇਡੀਓ ਸਪਾਈਸ ਟੀਮ ਨਿਊਜ਼ੀਲੈਂਡ ਵੱਲੋਂ ਇਕੱਤਰ ਦਾਨ ਰਾਸ਼ੀ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਕਾਨ ਉਸਾਰੀ ਵਾਸਤੇ ਪੁੱਜਦੀ ਹੋਈ
-ਇੰਡੀਆ ਦੌਰੇ ’ਤੇ ਗਏ ਹੋਏ ਸ. ਪਰਮਮਿੰਦਰ ਸਿੰਘ ਪਾਪਾਟੋਏਟੋਏ ਅਤੇ ਸ੍ਰੀ ਨਵਦੀਪ ਕਟਾਰੀਆਂ ਨੇ ਕਟਵਾਈ ਰਸੀਦ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 10 ਨਵੰਬਰ 2025-ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੀ ਤਬਾਹੀ ਤੋਂ ਬਾਅਦ, ਪ੍ਰਦੇਸੀ ਪੰਜਾਬੀ ਭਾਈਚਾਰੇ ਨੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਹੈ। ਦੋ ਮਹੀਨੇ ਪਹਿਲਾਂ ਆਏ ਇਨ੍ਹਾਂ ਹੜ੍ਹਾਂ ਨੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਹਾਲਾਤ ਅਜੇ ਵੀ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋਏ ਹਨ, ਜਿਸ ਕਾਰਨ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਇਸ ਮੁਸ਼ਕਿਲ ਘੜੀ ਵਿੱਚ, ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਦਿਲ ਖੋਲ੍ਹ ਕੇ ਯੋਗਦਾਨ ਪਾਇਆ ਹੈ।
ਨਿਊਜ਼ੀਲੈਂਡ ਭਾਈਚਾਰੇ ਦੀ ਵਿਸ਼ੇਸ਼ ਦਾਨ ਮੁਹਿੰਮ
ਇਸ ਸੇਵਾ ਕਾਰਜ ਵਿੱਚ ਨਿਊਜ਼ੀਲੈਂਡ ਵਿੱਚ ਵਸਦੇ ਭਾਈਚਾਰੇ ਨੇ ਇੱਕ ਵਿਸ਼ੇਸ਼ ਪਹਿਲ ਕੀਤੀ। ਰੇਡੀਓ ਸਪਾਈਸ ਟੀਮ ਨੇੇ ਇੱਕ ਵਿਸ਼ੇਸ਼ ਦਾਨ ਮੁਹਿੰਮ ਚਲਾਈ, ਜਿਸ ਵਿੱਚ ਸਥਾਨਕ ਕਾਰੋਬਾਰੀਆਂ, ਸੰਸਥਾਵਾਂ ਅਤੇ ਦਾਨੀ ਸੱਜਣਾਂ ਨੇ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਨਿਊਜ਼ੀਲੈਂਡ ਦੇ ਇਸ ਭਾਈਚਾਰੇ ਨੇ 20,590 ਡਾਲਰ ਦੀ ਰਾਸ਼ੀ ਇਕੱਠੀ ਕਰਕੇ ਪੰਜਾਬ ਦੇ ਲੋਕਾਂ ਪ੍ਰਤੀ ਆਪਣਾ ਪਿਆਰ ਅਤੇ ਜ਼ਿੰਮੇਵਾਰੀ ਦਾ ਪ੍ਰਗਟਾਵਾ ਕੀਤਾ।
ਗੁਰਦਾਸਪੁਰ ਵਿੱਚ ਮਕਾਨਾਂ ਦੀ ਉਸਾਰੀ ਲਈ ਵੱਡਾ ਯੋਗਦਾਨ
ਇਸ ਦਾਨ ਰਾਸ਼ੀ ਨੂੰ ‘ਗਲੋਬਲ ਸਿੰਖਜ਼’ ਨਾਮ ਦੀ ਪ੍ਰਉਪਕਾਰੀ ਸੰਸਥਾ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਵਰਤਿਆ ਗਿਆ। ਰੇਡੀਓ ਸਪਾਈਸ ਟੀਮ ਵੱਲੋਂ ਸ. ਪਰਮਿੰਦਰ ਸਿੰਘ (ਪਾਪਾਟੋਏਟੋਏ) ਅਤੇ ਸ. ਨਵਦੀਪ ਕਟਾਰੀਆ ਨੇ ਖੁਦ ਗੁਰਦਾਸਪੁਰ ਵਿਖੇ ਗਲੋਬਲ ਸਿੰਖਜ਼’ ਦੇ ਦਫ਼ਤਰ ਪਹੁੰਚ ਕੇ ਸ. ਅਮਰਪ੍ਰੀਤ ਸਿੰਘ ਹੁਰਾਂ ਨਾਲ ਮੁਲਾਕਾਤ ਕੀਤੀ ਅਤੇ ਇਹ ਯੋਗਦਾਨ ਸਪੁਰਦ ਕੀਤਾ।
ਰਾਸ਼ੀ ਦੀ ਵਰਤੋਂ: ਇਕੱਠੇ ਕੀਤੇ ਗਏ ਫੰਡਾਂ ਵਿੱਚੋਂ ਭਾਰਤੀ ਰੁਪਈਆਂ ਵਿੱਚ ਦਸ ਲੱਖ (10,00,000) ਦੀ ਰਾਸ਼ੀ ਗੁਰਦਾਸਪੁਰ ਹਲਕੇ ਦੇ ਪਿੰਡ ਸ਼ਾਹਪੁਰ ਅਫਗਾਨਾ ਵਿਖੇ ਹੜ੍ਹ ਪੀੜਤਾਂ ਲਈ ਬਣਾਏ ਜਾ ਰਹੇ ਨਵੇਂ ਮਕਾਨਾਂ ਦੀ ਉਸਾਰੀ ਲਈ ਦਿੱਤੀ ਗਈ। ਇਹ ਦਾਨ ਖਾਸ ਤੌਰ ’ਤੇ ਨਵੇਂ ਬਣ ਰਹੇ ਮਕਾਨਾਂ ਲਈ 18 ਟਨ ਸਰੀਆ (ਸਟੀਲ ਰੀਇਨਫੋਰਸਮੈਂਟ ਬਾਰ) ਖਰੀਦਣ ਲਈ ਵਰਤਿਆ ਗਿਆ, ਜੋ ਕਿ ਮਕਾਨਾਂ ਦੀ ਮਜ਼ਬੂਤੀ ਲਈ ਅਤਿ ਜ਼ਰੂਰੀ ਹੈ।