ਦੋਰਾਹਾ ਦੀ ਸਕ੍ਰੈਪ ਫੈਕਟਰੀ 'ਚ ਜ਼ੋਰਦਾਰ ਧਮਾਕਾ, ਲੱਗੀ ਭਿਆਨਕ ਅੱਗ; ਤਿੰਨ ਮਜ਼ਦੂਰ ਜ਼ਖ਼ਮੀ
Ravinder Singh
ਲੁਧਿਆਣਾ/ਦੋਰਾਹਾ, 25 ਅਪ੍ਰੈਲ 2026: ਲੁਧਿਆਣਾ ਦੇ ਦੋਰਾਹਾ ਇਲਾਕੇ ਦੇ ਪਿੰਡ ਬਿਸ਼ਨਪੁਰ ਨੇੜੇ ਸਥਿਤ ਇੱਕ ਸਕ੍ਰੈਪ ਫੈਕਟਰੀ ਵਿੱਚ ਸ਼ਨੀਵਾਰ ਸ਼ਾਮ ਨੂੰ ਜ਼ੋਰਦਾਰ ਧਮਾਕਾ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਬਾਇਲਰ ਫਟਣ ਕਾਰਨ ਹੋਇਆ, ਜਿਸ ਤੋਂ ਬਾਅਦ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਅਸਮਾਨ ਵਿੱਚ ਧੂੰਏਂ ਦੇ ਗੁਬਾਰ ਛਾ ਗਏ।
ਅੱਗ 'ਤੇ ਕਾਬੂ ਪਾਉਣ ਲਈ ਦੋਰਾਹਾ, ਸਮਰਾਲਾ, ਖੰਨਾ ਸਮੇਤ ਕਈ ਫਾਇਰ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਨੇੜਲੀ ਇੱਕ ਨਿੱਜੀ ਕੰਪਨੀ ਦੀ ਫਾਇਰ ਬ੍ਰਿਗੇਡ ਨੇ ਵੀ ਰਾਹਤ ਕਾਰਜਾਂ ਵਿੱਚ ਸਹਿਯੋਗ ਦਿੱਤਾ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਇਸ ਹਾਦਸੇ ਵਿੱਚ ਤਿੰਨ ਮਜ਼ਦੂਰ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਫੈਕਟਰੀ ਵਿੱਚ ਸੁਰੱਖਿਆ ਪ੍ਰਬੰਧਾਂ ਦੀਆਂ ਖਾਮੀਆਂ 'ਤੇ ਗੰਭੀਰ ਸਵਾਲ ਉਠਾਏ ਅਤੇ ਕਿਹਾ ਕਿ ਲਾਪਰਵਾਹੀ ਵਰਤਣ ਵਾਲੇ ਫੈਕਟਰੀ ਮਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਤੇ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
Click to Follow Babushahi Facebook page →