ਦਸ਼ਮੇਸ਼ ਵਿਦਿਅਕ ਸੰਸਥਾਵਾਂ ਦੇ ਅਰਦਾਸ ਦਿਵਸ ਮੌਕੇ ਐਡਵੋਕੇਟ ਧਾਮੀ ਨੇ ਕੀਤੀ ਸ਼ਮੂਲੀਅਤ
ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਵਿੱਚ ਹੋਇਆ ਸਲਾਨਾ ਸਮਾਗਮ
ਦਸਮੇਸ਼ ਵਿਦਿਆਕ ਸੰਸਥਾਵਾਂ, ਮਹਿਤਾ ਚੌਕ ਵਿਖੇ ਸਾਲਾਨਾ ‘ਅਰਦਾਸ ਦਿਵਸ’ ਸਮਾਗਮ ਸ਼ਰਧਾ ਨਾਲ ਆਯੋਜਿਤ
ਬਲਰਾਜ ਸਿੰਘ ਰਾਜਾ, ਬਿਆਸ
ਚੌਕ ਮਹਿਤਾ: ਦਸਮੇਸ਼ ਵਿਦਿਆਕ ਸੰਸਥਾਵਾਂ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਦਸਮੇਸ਼ ਹੈਰਿਟੇਜ਼ ਪਬਲਿਕ ਸਕੂਲ ਅਤੇ ਦਸਮੇਸ਼ ਕਾਲਜ ਫ਼ਾਰ ਵਿਮਨ, ਮਹਿਤਾ ਚੌਕ ਵਿਖੇ ਸਾਲਾਨਾ ‘ਅਰਦਾਸ ਦਿਵਸ’ ਸਮਾਗਮ ਬੜੀ ਸ਼ਰਧਾ, ਸਤਿਕਾਰ ਅਤੇ ਧਾਰਮਿਕ ਮਾਹੌਲ ਵਿੱਚ ਆਯੋਜਿਤ ਕੀਤਾ ਗਿਆ। ਇਹ ਅਰਦਾਸ ਦਿਵਸ ਵਿਸ਼ੇਸ਼ ਤੌਰ ‘ਤੇ ਜਮਾਤ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਬੋਰਡ ਇਮਤਿਹਾਨਾਂ ਵਿੱਚ ਬੈਠ ਰਹੇ ਵਿਦਿਆਰਥੀਆਂ ਦੇ ਬੋਰਡ ਅਤੇ ਸਾਲਾਨਾ ਪ੍ਰੀਖਿਆਵਾਂ ਵਿੱਚ ਬੈਠਣ ਮੌਕੇ ਪ੍ਰਮਾਤਮਾ ਦਾ ਓਟ-ਆਸਰਾ ਲੈਣ ਲਈ ਕਰਵਾਇਆ ਗਿਆ।
ਸਮਾਗਮ ਦੀ ਅਗਵਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਕੀਤੀ ਗਈ। ਸਮਾਗਮ ਵਿੱਚ ਗਿਆਨੀ ਸਾਹਿਬ ਸਿੰਘ ਜੀ (ਦਮਦਮੀ ਟਕਸਾਲ) ਨੇ ਬੱਚਿਆਂ ਨੂੰ ਚੰਗੇ ਗੁਣਾਂ ਦੇ ਧਾਰਨੀ ਹੋਣ ਤੇ ਮਨ ਵਿੱਚ ਕਿਸੇ ਤਰ੍ਹਾਂ ਦਾ ਵੀ ਹੰਕਾਰ ਨਾ ਕਰਨ ਬਾਰੇ ਕਿਹਾ। ਉਹਨਾਂ ਨੇ ਬੱਚਿਆਂ ਨੂੰ ਧਾਰਮਿਕ ਅਤੇ ਅਧਿਆਤਮਿਕ ਵਿਦਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਸ੍ਰੀ ਸਹਿਜ ਪਾਠ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਧਾਮੀ ਜੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਐਡਵੋਕੇਟ ਸ: ਹਰਜਿੰਦਰ ਸਿੰਘ ਜੀ ਧਾਮੀ ਨੇ ਆਪਣੇ ਵਿਚਾਰ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਮਿਹਨਤ, ਅਨੁਸ਼ਾਸਨ ਅਤੇ ਧਰਮ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਅਸੀਂ ਆਤਮਿਕ ਮਜ਼ਬੂਤੀ ਅਤੇ ਲਗਨ ਨਾਲ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਹਾਸਲ ਕਰ ਸਕਦੇ ਹਾਂ ।ਉਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਦਿਆ ਦੇ ਨਾਲ ਨਾਲ ਸਾਨੂੰ ਗੁਰਬਾਣੀ ਦਾ ਜਾਪ ਵੀ ਕਰਨਾ ਚਾਹੀਦਾ ਹੈ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਸ: ਗੁਰਦੀਪ ਸਿੰਘ ਰੰਧਾਵਾ ਅਤੇ ਮੈਨੇਜਰ ਸ: ਹਰਸ਼ਦੀਪ ਸਿੰਘ ਰੰਧਾਵਾ ਵੱਲੋਂ ਐਡਵੋਕੇਟ ਸ: ਹਰਜਿੰਦਰ ਸਿੰਘ ਜੀ ਧਾਮੀ ਜੀ ਦਾ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਆਈਆਂ ਹੋਈਆਂ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।
ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਹਾਜ਼ਰ ਸੰਗਤ ਲਈ ਗੁਰੂ ਕੇ ਲੰਗਰ ਦੀ ਸੇਵਾ ਸ਼ਰਧਾ ਨਾਲ ਨਿਭਾਈ ਗਈ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਸ: ਅਵਤਾਰ ਸਿੰਘ ਬੁੱਟਰ (ਮੈਂਬਰ ਚੀਫ਼ ਖ਼ਾਲਸਾ ਦੀਵਾਨ), ਸ: ਕੁਲਬੀਰ ਸਿੰਘ ਮਾਨ, ਪ੍ਰਿੰ: ਤੇਜਬੀਰ ਸਿੰਘ ਸੋਹਲ, ਪ੍ਰਿੰ: ਗੁਰਦੀਪ ਸਿੰਘ ਜਲਾਲ ਉਸਮਾ, ਪ੍ਰਿੰ: ਕੁਲਵੰਤ ਸਿੰਘ ਕੋਹਾੜ, ਮੈਡਮ ਗੁਰਬੀਰ ਕੌਰ, ਮੈਡਮ ਰਵਿੰਦਰ ਕੌਰ, ਸਰ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।