ਥਾਣਾ ਸਿਟੀ ਪੁਲਿਸ ਵੱਲੋਂ ਨਸ਼ਾ ਪ੍ਰਭਾਵਿਤ ਖੇਤਰਾਂ 'ਚ ਕਾਸੋ ਆਪਰੇਸ਼ਨ, ਪਰ ਬਰਾਮਦਗੀ ਜ਼ੀਰੋ
ਦੀਪਕ ਜੈਨ
ਜਗਰਾਉਂ : ਜਗਰਾਉਂ ਥਾਣਾ ਸਿਟੀ ਪੁਲਿਸ ਵੱਲੋਂ ਡੀ.ਐਸ.ਪੀ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਨਸ਼ਾ ਪ੍ਰਭਾਵਿਤ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਕਾਸੋ ਆਪਰੇਸ਼ਨ ਚਲਾਇਆ ਗਿਆ। ਆਪਰੇਸ਼ਨ ਤਹਿਤ ਪੁਲਿਸ ਨੇ ਇੰਦਰਾ ਕਲੋਨੀ, ਮਾਈ ਜੀਨਾ ਅਤੇ ਗਾਂਧੀ ਨਗਰ ਦੇ ਇਲਾਕਿਆਂ ਨੂੰ ਸੀਲ ਕਰਕੇ ਕਈ ਸ਼ੱਕੀ ਘਰਾਂ ਦੀ ਤਲਾਸ਼ੀ ਲਈ।ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਬਾਬੂਸ਼ਾਹੀ ਵੈਬ ਪੋਰਟਲ ਵੱਲੋਂ ਜਗਰਾਉਂ ਸ਼ਹਿਰ ਵਿੱਚ ਨਸ਼ੇ ਦੀ ਵਿਕਰੀ ਸਬੰਧੀ ਖ਼ਬਰ ਪ੍ਰਕਾਸ਼ਿਤ ਹੋਈ ਸੀ। ਉਸ ਤੋਂ ਬਾਅਦ ਹੀ ਪੁਲਿਸ ਵੱਲੋਂ ਅੱਜ ਤੜਕੇ ਇਸ ਕਾਸੋ ਆਪਰੇਸ਼ਨ ਨੂੰ ਅੰਜ਼ਾਮ ਦਿੱਤਾ ਗਿਆ।ਪਰ ਕਾਬਲੇ ਧਿਆਨ ਗੱਲ ਇਹ ਰਹੀ ਕਿ ਹਾਲਾਂਕਿ ਤਿੰਨਾਂ ਖੇਤਰਾਂ ਵਿੱਚ ਪੁਲਿਸ ਨੇ ਕੜੀ ਤਲਾਸ਼ੀ ਕੀਤੀ, ਪਰ ਕੋਈ ਵੀ ਨਸ਼ੇ ਦੀ ਬਰਾਮਦਗੀ ਨਹੀਂ ਹੋਈ। ਪੁਲਿਸ ਨੇ ਸਿਰਫ ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਰਾਊਂਡ ਅਪ ਕਰਨ ਦੀ ਪੁਸ਼ਟੀ ਕੀਤੀ ਹੈ।ਥਾਣਾ ਸਿਟੀ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਇੰਦਰਾ ਕਲੋਨੀ, ਮਾਈ ਜੀਨਾ ਅਤੇ ਗਾਂਧੀ ਨਗਰ ਖੇਤਰ ਵਿੱਚ ਸਰਚ ਦੌਰਾਨ ਕਈ ਘਰਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਸਿਰਫ ਇੱਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ, ਜਦਕਿ ਕਿਸੇ ਵੀ ਤਰ੍ਹਾਂ ਦਾ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ।ਸੂਤਰਾਂ ਅਨੁਸਾਰ, ਇਹ ਕਾਸੋ ਆਪਰੇਸ਼ਨ ਵੀ ਪਿਛਲੇ ਆਪਰੇਸ਼ਨਾਂ ਵਾਂਗ ਪੂਰੀ ਤਰ੍ਹਾਂ ਅਸਫਲ ਰਿਹਾ। ਪੁਲਿਸ ਵੱਲੋਂ ਖੁਦ ਇਹ ਮੰਨਿਆ ਜਾਣਾ ਕਿ ਇਹ ਖੇਤਰ ਨਸ਼ਾ ਪ੍ਰਭਾਵਿਤ ਹਨ, ਫਿਰ ਵੀ ਹਰ ਵਾਰੀ ਖਾਲੀ ਹੱਥ ਵਾਪਸੀ ਕਈ ਸਵਾਲ ਖੜ੍ਹੇ ਕਰਦੀ ਹੈ — ਕੀ ਨਸ਼ਾ ਨੈੱਟਵਰਕ ਨੂੰ ਪਹਿਲਾਂ ਹੀ ਕਾਰਵਾਈ ਦੀ ਭੇਟਨਾ ਪਤਾ ਲੱਗ ਜਾਂਦਾ ਹੈ ਜਾਂ ਪੁਲਿਸ ਦੇ ਆਪਰੇਸ਼ਨਾਂ ਦੀ ਯੋਜਨਾ ਕਮਜ਼ੋਰ ਪੈ ਰਹੀ ਹੈ?ਸਥਾਨਕ ਨਿਵਾਸੀਆਂ ਨੇ ਵੀ ਮੰਗ ਕੀਤੀ ਹੈ ਕਿ ਨਸ਼ੇ ਦੇ ਖ਼ਿਲਾਫ ਚਲ ਰਹੀਆਂ ਇਹ ਕਾਰਵਾਈਆਂ ਸਿਰਫ਼ ਵਿਖਾਵਾ ਨਹੀਂ ਹੋਣੀਆਂ ਚਾਹੀਦੀਆਂ, ਸਗੋਂ ਅਸਲੀ ਦੋਸ਼ੀਆਂ ਤੱਕ ਪਹੁੰਚ ਨਾਲ ਹੀ ਇਸ ਦਾ ਮਕਸਦ ਪੂਰਾ ਹੋ ਸਕਦਾ ਹੈ।