ਤਲਵੰਡੀ ਅਕਲੀਆ ਤੇ ਕਰਮਗੜ੍ਹ ਔਤਾਂਵਾਲੀ ਸੀਮਿੰਟ ਫੈਕਟਰੀ ਦੀ ਜਨਤਕ ਸੁਣਵਾਈ ਵਿੱਚ ਪੁੱਜਣ ਦਾ ਸੱਦਾ
ਅਸ਼ੋਕ ਵਰਮਾ
ਬਠਿੰਡਾ,12 ਜੁਲਾਈ 2025: ਅੱਜ ਥਰਮਲ ਪਲਾਂਟ ਬਣਾਂਵਾਲੀ ਦੀ ਸੁਆਹ, ਧੂੜ ਅਤੇ ਪ੍ਰਦੂਸ਼ਣ ਦੇ ਝੰਬੇ ਲੋਕਾਂ ਨੇ ਜੇ.ਐਸ.ਡਬਲਯੂ. ਕੰਪਨੀ ਵੱਲੋਂ ਹੋਣ ਜਾ ਰਹੇ ਹੱਲੇ ਵਿਰੁੱਧ ਅੱਜ ਸਮੂਹ ਪਿੰਡਾਂ ਦਾ ਇੱਕਠ ਗੁਰਦੁਆਰਾ ਸਾਹਿਬ ਤਲਵੰਡੀ ਅਕਲੀਆ (ਮਾਨਸਾ) ਵਿਖੇ ਰੱਖਿਆ ਗਿਆ ਸੀ। ਜਿਕਰਯੋਗ ਹੈ ਕਿ ਰਾਏਪੁਰ, ਬਣਾਂਵਾਲੀ, ਤਲਵੰਡੀ ਅਕਲੀਆ, ਕਰਮਗੜ੍ਹ ਔਤਾਂਵਾਲੀ, ਦਲੀਏਵਾਲੀ ਅਤੇ ਮਾਖਾ ਆਦਿਕ ਪਿੰਡਾਂ ਦੀ ਹੱਦ ਵਿਚਕਾਰ ਇੱਕ ਪ੍ਰਾਈਵੇਟ ਘਰਾਣੇ ਵੱਲੋਂ ਸੀਮਿੰਟ ਫੈਕਟਰੀ ਲਾਉਂਣ ਦੀ ਤਜਵੀਜ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਹ ਹੈ। ਲੋਕਾਂ ਦੀ ਦਲੀਲ ਹੈ ਕਿ ਕਿਉਂਕਿ ਇਸ ਕਾਰਖਾਨੇ ਨੇ ਜੋ ਰੈਡ ਕੈਟਾਗਿਰੀ *ਚ ਆਉਂਦਾ ਹੈ ਲੋਕਾਂ ਦਾ ਪੌਣ ਪਾਣੀ, ਮਿੱਟੀ, ਅਤੇ ਸੱਭਿਆਚਾਰ ਗੰਧਲਾ ਕਰਨਾ ਹੈ। ਇਸ ਤੋਂ ਇਲਾਵਾ ਨੇੜਲੇ ਪਿੰਡਾਂ ਦਾ ਉਜਾੜਾ ਤੈਅ ਹੈ, ਕਿਉਂਕਿ ਇਹ ਨਰਮਾ ਬੈਲਟ ਪਹਿਲਾ ਹੀ ਕੈਂਸਰ, ਪੀਲੀਏ, ਸਾਹ ਆਦਿ ਬਿਮਾਰੀਆਂ ਦੀ ਲਪੇਟ ਵਿੱਚ ਹੈ।
ਅੱਜ ਦੇ ਇੱਕਠ ਵਿੱਚ ਪਬਲਿਕ ਐਕਸ਼ਨ ਕਮੇਟੀ ਪੰਜਾਬ (ਮਤੇਵਾੜਾ, ਬੁਢਾ ਨਾਲਾ, ਜੀਰਾ ਸ਼ਰਾਬ ਫੈਕਟਰੀ ਦੇ ਆਗੂ) ਦੇ ਕਾਰਕੁਨ ਐਡਵੋਕੇਟ ਡਾ. ਜਸਕੀਰਤ ਸਿੰਘ, ਐਡਵੋਕੇਟ ਅਮਨਦੀਪ ਸਿੰਘ ਬੈਂਸ, ਕੁਲਦੀਪ ਸਿੰਘ ਖਹਿਰਾ, ਸ੍ਰ. ਖੁਸ਼ਵਿੰਦਰ ਸਿੰਘ ਜੰਡ ਸਾਹਿਬ ਨੇ ਲੋਕਾਂ ਨੂੰ ਫੈਕਟਰੀ ਵਾਲੀ ਥਾਂ ਤੇ 14 ਜੁਲਾਈ 2025 ਦਿਨ ਸੋਮਵਾਰ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ। ਪਬਲਿਕ ਐਕਸ਼ਨ ਕਮੇਟੀ ਪੰਜਾਬ, ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬੁੱਧੀ ਜੀਵੀ, ਵਾਤਾਵਰਨ ਪ੍ਰੇਮੀ ਅਤੇ ਸਮਾਜਿਕ ਕਾਰਕੁਨ ਆਗੂਆਂ ਨੇ ਲੋਕ ਉਜਾੜੇ ਵਿਰੁੱਧ ਲੋਕਾਂ ਦਾ ਸਾਥ ਦੇਣ ਦੀ ਗੱਲ ਕੀਤੀ।
ਸਮੂਹ ਪਿੰਡਾਂ ਦੀਆ ਸੰਘਰਸ਼ ਕਮੇਟੀਆਂ ਨੇ ਵਾਤਾਵਰਣ ਪ੍ਰੇਮੀਆਂ, ਸਮਾਜਿਕ ਕਾਰਕੁਨ, ਕਿਸਾਨ ਜਥੇਬੰਦੀਆਂ, ਨੂੰ ਪੁਰਜ਼ੋਰ ਅਪੀਲ ਕੀਤੀ ਕਿ 14 ਜੁਲਾਈ 2025 ਨੂੰ ਦਿਨ ਸੋਮਵਾਰ ਨੂੰ ਪਿੰਡ ਤਲਵੰਡੀ ਅਕਲੀਆਂ (ਨੇੜੇ ਮੂਸਾ) ਪਾਵਰ ਪਲਾਟ ਬਣਾਂਵਾਲਾ ਦੇ ਨਜ਼ਦੀਕ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰੱਖੀ ਲੋਕ ਸੁਣਵਾਈ ਵਿੱਚ ਜਰੂਰ ਹਰੇਕ ਪੰਜਾਬੀ ਪਹੁੰਚੇ। ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ ਅਤੇ ਮੀਤ ਪ੍ਰਧਾਨ ਗੁਰਮੇਲ ਸਿੰਘ ਨੇ ਅਮਿਤੋਜ ਮਾਨ ਸਮੇਤ ਆਏ ਮਹਿਮਾਨਾਂ ਤੇ ਪੰਚਾਇਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਮੇਟੀ ਤਲਵੰਡੀ ਅਕਲੀਆਂ ਅਤੇ ਕਰਮਗੜ੍ਹ ਔਤਾਂਵਾਲੀ ਤੋਂ ਮਨਕੀਰਤ ਸਿੰਘ, ਗੁਰਪਾਲ ਸਿੰਘ, ਖੁਸ਼ਵੀਰ ਸਿੰਘ ਮੀਡੀਆ ਇੰਚਾਰਜ ਅਤੇ ਜਸਵੀਰ ਸਿੰਘ ਹਾਜ਼ਰ ਸਨ।