ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਆਮ ਆਦਮੀ ਦੀ ਸਿਹਤ ਸਬੰਧੀ ਤਿੰਨ ਪੱਖੀ ਸਹਿਮਤੀ ਪੱਤਰ ਤੇ ਦਸਤਖਤ
ਅਸ਼ੋਕ ਵਰਮਾ
ਬਠਿੰਡਾ, 10 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਇੰਡੀਅਨ ਆਇਲ, ਪੀਪਲ ਟੂ ਪੀਪਲ ਹੈਲਥ ਫਾਊਂਡੇਸ਼ਨ (ਪੀਪੀਐੱਚਐਫ਼) ਅਤੇ ਸਿਹਤ ਵਿਭਾਗ ਨਾਲ ਆਮ ਲੋਕਾਂ ਦੀ ਸਿਹਤ ਦੇ ਖਿਆਲ ਲਈ ਤਿੰਨ ਪੱਖੀ ਸਹਿਮਤੀ ਪੱਤਰ ਤੇ ਦਸਤਖਤ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਐਸਐਸਪੀ ਅਮਨੀਤ ਕੌਂਡਲ, ਸਿਵਲ ਸਰਜਨ ਤਪਿੰਦਰਜੋਤ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮ. ਦੇ ਜਨਰਲ ਮੈਨੇਜਰ (ਐਚਆਰ-ਸੀਐਸਆਰ) ਸ਼੍ਰੀ ਆਰਿਫ ਅਖਤਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮ. ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਮਸ਼ੀਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਟਰੂਨਟ ਮਸ਼ੀਨ ਜੋ ਕਿ ਕਮਿਊਨਿਟੀ ਹੈਲਥ ਸੈਂਟਰ ਭਗਤਾ ਭਾਈਕਾ ਵਿਖੇ ਲਗਾਈ ਜਾਵੇਗੀ। ਇਸ ਮਸ਼ੀਨ ਰਾਹੀਂ ਟੀਬੀ ਦੇ ਮਰੀਜ਼ ਦਾ ਮੁਫਤ ਟੈਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੈਂਡਹੈਲਡ ਮਸ਼ੀਨ (ਐਕਸਰੇ ਮਸ਼ੀਨ) ਵੀ ਲਗਾਈ ਜਾਵੇਗੀ। ਇਸ ਮਸ਼ੀਨ ਦਾ ਮਰੀਜ਼ਾਂ ਨੂੰ ਬਹੁਤ ਹੀ ਵੱਡਾ ਲਾਭ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਵਲੋਂ ਲਗਾਏ ਜਾਣ ਵਾਲੇ ਕੈਂਪਾਂ ਵਿੱਚ ਇਹ ਮਸ਼ੀਨ ਕਾਰਗਰ ਸਾਬਤ ਹੋਵੇਗੀ।
ਇਸ ਦੌਰਾਨ ਇੰਡੀਅਨ ਆਇਲ ਕਾਰਪੋਰੇਸ਼ਨ ਲਿਮ. ਦੇ ਜਨਰਲ ਮੈਨੇਜਰ (ਐਚਆਰ-ਸੀਐਸਆਰ) ਸ਼੍ਰੀ ਆਰਿਫ ਅਖਤਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਮਸ਼ੀਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਮਸ਼ੀਨਾਂ ਦੀ ਲਾਗਤ ਤਕਰੀਬਨ 34 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨਾ ਆਮ ਲੋਕਾਂ ਲਈ ਬਹੁਤ ਹੀ ਕਾਰਗਰ ਸਾਬਤ ਹੋਣਗੀਆਂ।