ਜੰਗੇ ਆਜ਼ਾਦੀ ਦੇ ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਸੁਰਗਵਾਸ
ਸਾਕੇਤੜੀ (ਪੰਚਕੂਲਾ) ਵਿੱਚ ਅੱਜ ਆਖਰੀ ਸਵਾਸ ਲਏ
ਚੰਡੀਗੜ੍ਹ 9 ਮਈ 2026 - ਜੰਗੇ ਆਜ਼ਾਦੀ ਦੇ ਤੱਥਮੂਲਕ ਇਤਿਹਾਸਕਾਰ ਤੇ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਲੁਧਿਆਣਾ ਵਿੱਚ ਲੰਮਾ ਸਮਾਂ ਹਿਉਮੇਨੇਟੀਜ਼ ਦੋ ਪ੍ਰੋਫੈਸਰ ਰਹੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦਾ ਅੱਜ ਸਵੇਰੇ ਸਾਕੇਤੜੀ (ਪੰਚਕੂਲਾ) ਵਿਖੇ ਦੇਹਾਂਤ ਹੋ ਗਿਆ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਆਪਣਾ 96ਵਾਂ ਜਨਮ ਦਿਨ ਮਨਾਇਆ ਸੀ। ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਜੀ ਦਾ ਪਰਿਵਾਰ ਲੱਧੇਵਾਲਾ ਵੜੈਚ(ਗੁਜਰਾਂਵਾਲਾ) ਤੋਂ ਦੇਸ਼ ਵੰਡ ਵੇਲੇ ਏਧਰ ਆ ਕੇ ਪਹਿਲਾਂ ਕਪੂਰਥਲਾ ਤੇ ਮਗਰੋਂ ਪੱਕੇ ਤੌਰ ਤੇ ਪਿੰਡ ਰਾਵਰ(ਕਰਨਾਲ) ਵਿੱਚ ਵੱਸਿਆ।
ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ 1960 ਤੋਂ 1989 ਤੀਕ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਵਿੱਚ ਪੜ੍ਹਾਉਂਦੇ ਰਹੇ। ਵਿਦਿਆਰਥੀਆਂ ਵਿੱਚ ਦੇਸ਼ ਭਗਤ ਵਿਰਸਾ ਚੇਤਨਾ, ਸਿਰਜਣਾਤਮਕ ਸੋਝੀ, ਖੇਡ ਸੱਭਿਆਚਾਰ, ਸਵੈ ਅਨੁਸ਼ਾਸਨ ਤੇ ਭਾਈਚਾਰਕ ਸ਼ਕਤੀ ਦੀ ਨਿਰੰਤਰ ਉਸਾਰੀ ਉਨ੍ਹਾਂ ਦਾ ਮੂਲ ਉਦੇਸ਼ ਰਿਹਾ। ਉਮਰ ਦੇ ਆਖਰੀ ਦੋ ਤਿੰਨ ਸਾਲ ਛੱਡ ਕੇ ਉਹ ਰੋਜ਼ਾਨਾ ਖੇਡ ਮੈਦਾਨ ਜਾਂ ਸੁਖਨਾ ਲੇਕ ਦੇ ਕੰਢੇ ਸਵੇਰਸਾਰ ਦੌੜਦੇ ਰਹੇ।
ਉਨ੍ਹਾਂ ਨੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ, ਸ਼ਹੀਦ ਭਗਤ ਸਿੰਘ ਦੇ ਮਾਤਾ ਵਿਦਿਆਵਤੀ, ਬਾਬਾ ਹਰੀ ਸਿੰਘ ਉਸਮਾਨ, ਬਾਬਾ ਅਰਜਨ ਸਿੰਘ ਜਗਰਾਉਂ, ਬਾਬਾ ਰੂੜ ਸਿੰਘ ਚੂਹੜਚੱਕ, ਬਾਬਾ ਪਾਲਾ ਸਿੰਘ ਢੁੱਡੀਕੇ, ਸ਼ਹੀਦ ਜਤਿਨ ਦਾਸ ਦੇ ਭਰਾਤਾ ਕਿਰਨ ਦਾਦਾ ਤੇ ਅਨੇਕਾਂ ਹੋਰ ਦੇਸ਼ ਭਗਤਾਂ ਦੀ ਸੰਗਤ ਮਾਣੀ। ਜਲੰਧਰ ਵਿੱਚ ਆਪਣੇ ਸਾਥੀ ਸਹਿਯੋਗੀਆਂ ਤੇ ਵਿਸ਼ਵਾਸਪਾਤਰਾਂ ਦੀ ਸੰਗਤ ਨਾਲ ਉਨ੍ਹਾਂ ਯੁਵਕ ਕੇਂਦਰ ਦੀ ਸਥਾਪਨਾ ਕਰਕੇ ਪੂਰੇ ਪੰਜਾਬ ਵਿੱਚ ਸ਼ਹੀਦਾਂ ਵਿਰਾਸਤ ਚੇਤਨਾ ਦਾ ਪਰਚਮ ਲਹਿਰਾਇਆ।
ਆਪਣੇ ਪਿੱਛੋ ਉਹ ਆਪਣੀ ਇਕਲੌਤੀ ਬੇਟੀ ਡਾ. ਮਿੰਨਾ ਵੜੈਚ ਤੇ ਉਸ ਦੇ ਪਰਿਵਾਰ ਤੋਂ ਇਲਾਵਾ ਵਿਸ਼ਾਲ ਵਿਚਾਰਧਾਰਕ ਪਰਿਵਾਰ ਛੱਡ ਗਏ ਹਨ। ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਜੀ ਦੇ ਵਿਦਿਆਰਥੀਆਂ ਵਿੱਚੋਂ ਸ਼ਹੀਦ ਭਗਤ ਸਿੰਘ ਦੇ ਭਣੇਵੇ ਪ੍ਰੋ. ਜਗਮੋਹਨ ਸਿੰਘ, ਪ੍ਰਿੰਸੀਪਲ ਮ ਸ ਪਰਮਾਰ, ਮਿਹਰ ਚੰਦ ਭਾਰਦਵਾਜ, ਤੋਂ ਇਲਾਵਾ ਸਾਹਿੱਤ ਖੇਤਰ ਵਿੱਚ ਅਜਮੇਰ ਰੋਡੇ, ਦਰਸ਼ਨ ਨੱਤ, ਉਜਾਗਰ ਸਿੰਘ ਕੰਵਲ, ਅਮੋਲਕ ਸਿੰਘ,ਅਜਮੇਰ ਸਿੰਘ,ਕੰਵਲਜੀਤ ਸਿੰਘ ਢੁੱਡੀਕੇ, ਜਸਵੰਤ ਜਫ਼ਰ, ਗੁਰਿੰਦਰਜੀਤ ਤੇ ਪਰਮਜੀਤ ਧਾਲੀਵਾਲ ਨੇ ਚੰਗਾ ਨਾਮਣਾ ਖੱਟਿਆ। ਪੰਜਾਬ ਰਾਜ ਬਿਜਲੀ ਬੋਰਡ ਦੇ ਹੁਣੇ ਸੇਵਾਮੁਕਤ ਹੋਏ ਚੇਅਰਮੈਨ ਸ. ਬਲਦੇਵ ਸਿੰਘ ਸਰਾਂ ਤੇ ਮਾਨਸਾ ਦੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਉਨ੍ਹਾਂ ਦੇ ਵਿਦਿਆਰਥੀ ਸਨ।
ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ 1989 ਵਿੱਚ ਨੌਕਰੀ ਤੋਂ ਸੇਵਾ ਮੁਕਤੀ ਉਪਰੰਤ ਲਾਅ ਦੀ ਪੜ੍ਹਾਈ ਕਰਕੇ ਆਪਣੇ ਭਣੇਵੇਂ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਰ ਸ ਚੀਮਾ ਨਾਲ ਕੁਝ ਸਮਾਂ ਵਕਾਲਤ ਵੀ ਕੀਤੀ। ਦੇਸ਼ ਭਗਤ ਲਹਿਰਾਂ ਦੇ ਸੂਰਮਿਆਂ ਦੀਆਂ ਸਰਕਾਰ ਵੱਲੋਂ ਜ਼ਬਤ ਕੀਤੀਆਂ ਜਾਇਦਾਦਾਂ ਵੀ ਵਾਪਸ ਕਰਵਾਈਆਂ। ਉਨ੍ਹਾਂ ਵੱਲੋਂ ਲਿਖੀਆਂ ਖੋਜ ਪੁਸਤਕਾਂ ਦੀ ਗਿਣਤੀ ਤੀਹ ਤੋਂ ਵੱਧ ਹੈ। ਪਹਿਲੇ ਤੇ ਦੂਜੇ ਲਾਹੌਰ ਸਾਜ਼ਿਸ਼ ਕੇਸ ਦੀ ਜੱਜਮੈਟ ਨੂੰ ਵੀ ਹਰੀਸ਼ ਜੈਨ ਨਾਲ ਮਿਲ ਕੇ ਸੰਪਾਦਿਤ ਕੀਤਾ ਤੇ ਛਪਵਾਇਆ।
ਪ੍ਰੋ. ਮਲਵਿੰਦਰਜੀਤ ਸਿੰਘ ਨੇ ਸਰਾਭਾ ਪਿੰਡ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਹਸਪਤਾਲ ਤੇ ਮੈਡੀਕਲ ਕਾਲਿਜ ਖੁਲਵਾਉਣ ਵਿੱਚ ਮੁੱਢਲਾ ਯੋਗਦਾਨ ਪਾਇਆ ਅਤੇ ਸ ਸੁਖਦੇਵ ਸਿੰਘ ਸਰਾਭਾ ਤੇ ਮਿਹਰਚੰਦ ਭਾਰਦਵਾਜ ਨਾਲ ਮਿਲ ਕੇ ਬਦੇਸ਼ਾਂ ਵਿੱਚ ਵੱਸਦੇ ਵਿਦਿਆਰਥੀਆਂ ਦੀ ਮਦਦ ਨਾਲ ਵੱਡਾ ਫੰਡ ਇਕੱਠਾ ਕਰਕੇ ਦਿੱਤਾ। ਮਾਲੇਰਕੋਟਲਾ ਵਿੱਚ ਅੰਗਰੇਜ਼ ਹਕੂਮਤ ਵੱਲੋਂ ਸ਼ਹੀਦ ਕੀਤੇ 66 ਕੂਕਿਆਂ ਦੀ ਪਿੰਡਾਂ ਸਮੇਤ ਸੂਚੀ ਵੀ ਪ੍ਰੋ.ਵੜੈਚ ਨੇ ਤਿਆਰ ਕਰਕੇ ਨਾਮਧਾਰੀ ਪੰਥ ਨੂੰ ਸੌਂਪੀ।
ਸਾਡੇ ਪਰਿਵਾਰ ਲਈ ਇਹ ਨਿੱਜੀ ਘਾਟਾ ਹੈ ਕਿਉਂਂਕਿ ਉਹ ਮੇਰੇ ਸਭ ਤੋਂ ਵੱਡੇ ਭੂਆ ਜੀ ਦੇ ਵਿਚਕਾਰਲੇ ਸਪੁੱਤਰ ਸਨ। ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਭਣੇਵੇਂ ਸ. ਰ ਸ ਚੀਮਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਇੱਛਾ ਅਨੁਸਾਰ ਮ੍ਰਿਤਕ ਦੇਹ ਪੀ ਜੀ ਆਈ ਚੰਡੀਗੜ੍ਹ ਨੂੰ ਖੋਜ ਕਾਰਜਾਂ ਲਈ ਸੌਂਪ ਦਿੱਤੀ ਗਈ ਹੈ।
- Download Babushahi App
-
-