ਚੋਣ ਆਬਜ਼ਰਵਰ ਵਲੋਂ ਸਟਰਾਂਗ ਰੂਮਾਂ ਦਾ ਨਿਰੀਖਣ
ਸਟਰਾਂਗ ਰੂਮ ਦੀ ਸੁਰੱਖਿਆ ਤੇ 29 ਮਈ ਨੂੰ ਵੋਟਾਂ ਦੀ ਗਿਣਤੀ ਦੇ ਸਬੰਧ ਵਿਚ ਕੀਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ
ਰੋਹਿਤ ਗੁਪਤਾ
ਸ੍ਰੀ ਹਰਗੋਬਿੰਦਪੁਰ ਸਾਹਿਬ/ਫਤਿਹਗੜ੍ਹ ਚੂੜੀਆਂ, 28 ਮਈ
ਜ਼ਿਲ੍ਹਾ ਗੁਰਦਾਸਪੁਰ ਲਈ ਨਿਯੁਕਤ ਚੋਣ ਆਬਜ਼ਰਵਰ ਰਾਕੇਸ਼ ਕੁਮਾਰ ਪੋਪਲੀ ਵਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਫਤਿਹਗੜ੍ਹ ਚੂੜੀਆਂ ਵਿਖੇ ਸਟਰਾਂਗ ਰੂਮਾਂ ਦਾ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਕਾਉਟਿੰਗ ਸਟਾਫ ਦੀ ਰਿਹਰਸਲ ਹੋਈ। ਇਸ ਮੌਕੇ ਡਾ. ਨਵਜੋਤ ਸ਼ਰਮਾ ਐੱਸ.ਡੀ.ਐਮ-ਕਮ- ਰਿਟਰਨਿੰਗ ਅਫਸਰ ਫਤਿਹਗੜ੍ਹ ਚੂੜੀਆਂ ਅਤੇ ਕਰਮਬੀਰ ਮਾਹਲਾ, ਸਹਾਇਕ ਕਮਿਸ਼ਨਰ ਐਕਸਾਈਜ਼-ਕਮ- ਰਿਟਰਨਿੰਗ ਅਫਸਰ ਸ੍ਰੀ ਹਰਗੋਬਿੰਦਪੁਰ ਸਾਹਿਬ ਵੀ ਮੌਜੂਦ ਸਨ।
ਚੋਣ ਆਬਜ਼ਰਵਰ ਵਲੋਂ ਸਟਰਾਂਗ ਰੂਮਾਂ ਲਈ ਸੁਰੱਖਿਆ ਪ੍ਰਬੰਧਾਂ ਤੇ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ ਸਵੇਰੇ 29 ਮਈ ਨੂੰ ਵੋਟਾਂ ਦੀ ਗਿਣਤੀ ਅਮਨ ਸ਼ਾਂਤੀ ਪੂਰਵਕ ਨੇਪਰੇ ਚਾੜ੍ਹੀ ਜਾਵੇਗੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਇੰਨਬਿੰਨ ਪਾਲਣਾ ਕਰਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਥੇ 24 ਘੰਟੇ ਸਟਰਾਂਗ ਰੂਮਾਂ ਦੀ ਸਖ਼ਤ ਸੁਰੱਖਿਆ ਨਿਗਰਾਨੀ ਕੀਤੀ ਜਾ ਰਹੀ ਹੈ।
ਇਸ ਮੌਕੇ ਕਾਉਂਟਿੰਗ ਸਟਾਫ ਦੀ ਰਿਹਰਸਲ ਹੋਈ ਅਤੇ ਉਨ੍ਹਾਂ ਮਾਣਯੋਗ ਰਾਜ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਇਆ ਗਿਆ।
ਜ਼ਿਕਰਯੋਗ ਹੈ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦਾ ਸਟਰਾਂਗ ਰੂਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਚੂੜੀਆਂ, ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਸਟਰਾਂਗ ਰੂਮ ਸਕੂਲ ਆਫ ਐਮੀਨੱਸ ਸ੍ਰੀ ਹਰਗੋਬਿੰਦਪੁਰ ਸਾਹਿਬ, ਨਗਰ ਨਿਗਮ ਬਟਾਲਾ ਦਾ ਸਟਰਾਂਗ ਰੂਮ, ਬੇਰਿੰਗ ਕਾਲਜ ਬਟਾਲਾ ਅਤੇ ਨਗਰ ਕੌਂਸਲ ਧਾਰੀਵਾਲ ਦਾ ਸਟਰਾਂਗ ਰੂਮ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਬਣਾਇਆ ਗਿਆ ਹੈ।
ਬਟਾਲਾ ਨਗਰ ਨਿਗਮ ਦੇ 50 ਵਾਰਡ, ਧਾਰੀਵਾਲ ਨਗਰ ਕੌਂਸਲ ਦੇ 13 ਵਾਰਡ, ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਕੌਂਸਲ ਦੇ 11 ਵਾਰਡ ਅਤੇ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੇ 13 ਵਾਰਡ ਹਨ।
- Download Babushahi App
-
-