ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗਰਭਵਤੀ ਔਰਤਾਂ ਦੀ ਅਲਟਰਾ ਸਾਊਂਡ ਸਕੈਨ ਹੋਵੇਗੀ ਮੁਫ਼ਤ
ਬੰਗਾ 04 ਅਪਰੈਲ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੁਣ ਗਰਭਵਤੀ ਔਰਤਾਂ ਦੀ ਅਲਟਰਾਸਾਊਂਡ ਸਕੈਨ ਮੁਫਤ ਹੋਵੇਗੀ । ਇਹ ਜਾਣਕਾਰੀ ਹਸਪਤਾਲ ਦੇ ਔਰਤਾਂ ਦੀਆਂ ਬਿਮਾਰੀਆਂ ਅਤੇ ਬਾਂਝਪਣ ਦੇ ਮਾਹਿਰ ਡਾ. ਸ਼ਵੇਤਾ ਬਗੜਿਆ ਐਮ ਐਸ (ਗਾਇਨੀ) ਨੇ ਦਿੱਤੀ । ਉਹਨਾਂ ਦੱਸਿਆ ਕਿ ਹਸਤਪਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਬਾਅਦ ਦੀ ਦੇਖਭਾਲ ਲਈ ਤੰਦਰੁਸਤ ਮਾਵਾਂ ਅਤੇ ਤੰਦਰੁਸਤ ਬੱਚੇ ਮਿਸ਼ਨ ਤਹਿਤ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਨਵ ਜਨਮੇ ਬੱਚਿਆਂ ਨੂੰ ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਬਾਅਦ ਵਿੱਚ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਅਹਿਮ ਕਾਰਜ ਕੀਤੇ ਜਾ ਰਹੇ ਹਨ । ਇਸ ਸੇਵਾ ਮਿਸ਼ਨ ਵਿਚ ਹਸਪਤਾਲ ਵਿਖੇ ਗਰਭਵਤੀ ਔਰਤਾਂ ਦੀ ਅਲਟਰਾ ਸਾਊਂਡ ਸਕੈਨ ਮੁਫਤ ਆਰੰਭ ਕੀਤੀ ਹੈ । ਇਹ ਸੇਵਾ ਹਰ ਸੋਮਵਾਰ ਤੋਂ ਸ਼ਨੀਵਾਰ ਤੱਕ ਰੋਜ਼ਾਨਾ ਸਵੇਰ 9 ਵਜੇ ਤੋ ਬਾਅਦ ਦੁਪਹਿਰ 3 ਵਜੇ ਤੱਕ ਉਪਲੱਬਧ ਹੋਵੇਗੀ । ਡਾ. ਸ਼ਵੇਤਾ ਬਗੜਿਆ ਨੇ ਔਰਤਾਂ ਦੇ ਵਿਭਾਗ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਥੇ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਸਰੀਰਿਕ ਬਿਮਾਰੀਆਂ, ਹਰ ਤਰ੍ਹਾਂ ਦੇ ਜਣੇਪੇ, ਵੱਡੇ ਆਪਰੇਸ਼ਨ, ਦਰਦ ਰਹਿਤ ਡਲਿਵਰੀ, ਬਾਂਝਪਣ (ਇਨਫਰਟੀਲਿਟੀ) ਦਾ ਇਲਾਜ, ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਦਾ ਇਲਾਜ ਹੁੰਦਾ ਹੈ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਦੀ ਮਿਆਰੀ ਸਾਂਭ ਸੰਭਾਲ ਹੁੰਦੀ ਹੈ । ਹਸਪਤਾਲ ਵਿਚ ਨਵਜਨਮੇ ਬੱਚਿਆਂ ਦੀ ਦੇਖ ਭਾਲ ਲਈ ਆਧੁਨਿਕ ਮਸ਼ੀਨਾਂ ਉਪਲਬਧ ਹਨ । ਹਸਪਤਾਲ ਵਿਖੇ ਗਰਭਵਤੀ ਔਰਤਾਂ ਲਈ ਵੱਖ ਵੱਖ ਜ਼ਰੂਰੀ ਟੈਸਟ ਵੀ ਰਿਆਇਤੀ ਦਰਾਂ 'ਤੇ ਹੁੰਦੇ ਹਨ । ਡਾ. ਸ਼ਵੇਤਾ ਬਗੜਿਆ ਨੇ ਕਿਹਾ ਕਿ ਔਰਤਾਂ ਨੂੰ ਤੰਦਰੁਸਤ ਰਹਿਣ ਲਈ ਸਮੇਂ ਸਿਰ ਮਾਹਿਰ ਡਾਕਟਰ ਤੋਂ ਨਿਯਮਿਤ ਤੌਰ 'ਤੇ ਜਾਂਚ ਕਰਵਾਉਣੀ ਚਾਹੀਦੀ ਹੈ । ਇਹ ਜਾਂਚ ਸਿਹਤ ਸਮੱਸਿਆਵਾਂ ਦੀ ਜਾਂਚ ਅਤੇ ਇਲਾਜ ਕਰਨ ਵਿੱਚ ਮਦਦ ਕਰਦੀ ਹੈ । ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗਰਭ ਅਵਸਥਾ ਦੇਖਭਾਲ ਸੇਵਾਵਾਂ ਦਾ ਵਿਸਥਾਰ ਇੱਕ ਇਲਾਕੇ ਵਿਚ ਵੱਡਾ ਉੱਦਮ ਹੈ ਅਤੇ ਜੋ ਔਰਤਾਂ ਦੀ ਸਿਹਤ ਸੰਭਾਲ ਲਈ ਅਹਿਮ ਰੋਲ ਅਦਾ ਕਰੇਗਾ ।
Click to Follow Babushahi Facebook page →