ਗੁਰਭਜਨ ਗਿੱਲ ਦੀ ਗੀਤਾਂ ਦੀ ਪੁਸਤਕ ‘ਪਿੱਪਲ ਪੱਤੀਆਂ’ ਦਾ ਲੋਕ ਅਰਪਣ ਸਮਾਰੋਹ
ਰੋਹਿਤ ਗੁਪਤਾ
ਬਟਾਲਾ, 24 ਦਸੰਬਰ ਬਟਾਲਾ ਇਲਾਕੇ ਦੇ ਲੁਧਿਆਣਾ ਰਹਿੰਦੇ ਪ੍ਰਸਿੱਧ ਪੰਜਾਬੀ ਕਵੀ ਅਤੇ ਸੰਵੇਦਨਸ਼ੀਲ ਰਚਨਾਕਾਰ ਪ੍ਰੋ. ਗੁਰਭਜਨ ਗਿੱਲ ਦੀ ਨਵੀਂ ਗੀਤ ਪੁਸਤਕ ‘ਪਿੱਪਲ ਪੱਤੀਆਂ’ ਦੇ ਦੂਜੇ ਐਡੀਸ਼ਨ ਦਾ ਰਿਲੀਜ਼ ਸਮਾਗਮ ਗੁਰੂ ਨਾਨਕ ਕਾਲਜ, ਬਟਾਲਾ ਵਿੱਚ ਬਹੁਤ ਹੀ ਵਧੀਆ ਸਾਹਿਤਕ ਮਾਹੌਲ ਵਿੱਚ ਕਰਵਾਇਆ ਗਿਆ। ਇਸ ਪੁਸਤਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੈਂਬਰ ਸ੍ਰ. ਗੁਰਿੰਦਰਪਾਲ ਸਿੰਘ ਗੋਰਾ ਨੇ ਰਿਲੀਜ਼ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੁਸਤਕਾਂ ਨਾਲ ਜੁੜਨਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਪੁਸਤਕ 'ਪਿੱਪਲ ਪੱਤੀਆਂ' ਵਿਦਿਆਰਥੀਆਂ ਲਈ ਨਵੀਂ ਊਰਜਾ ਦਾ ਸਬੱਬ ਬਣੇਗੀ ।
ਇਸ ਮੌਕੇ ਗੁਰੂ ਨਾਨਕ ਕਾਲਜ ਬਟਾਲਾ ਦੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ, ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਬਰਾੜ ਸਮੇਤ ਕਾਲਜ ਦਾ ਅਧਿਆਪਕ ਵਰਗ, ਵਿਦਿਆਰਥੀ ਅਤੇ ਸਾਹਿਤ ਪ੍ਰੇਮੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਸਮਾਗਮ ਦੌਰਾਨ ਪ੍ਰੋ. ਗੁਰਭਜਨ ਗਿੱਲ ਦੀ ਸਾਹਿਤਕ ਯਾਤਰਾ, ਉਨ੍ਹਾਂ ਦੀ ਕਵਿਤਾ ਦੀ ਲੋਕਧਰਾਈ ਸੰਵੇਦਨਾ ਅਤੇ ‘ਪਿੱਪਲ ਪੱਤੀਆਂ’ ਵਿੱਚ ਦਰਸਾਏ ਗਏ ਜੀਵਨ ਅਨੁਭਵਾਂ ਦੀ ਭਰਪੂਰ ਸਰਾਹਨਾ ਕੀਤੀ।
ਗੁਰਿੰਦਰਪਾਲ ਸਿੰਘ ਗੋਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰੋ. ਗੁਰਭਜਨ ਗਿੱਲ ਦੀ ਰਚਨਾ ਪੰਜਾਬੀ ਮਨੁੱਖ ਦੀ ਅੰਦਰੂਨੀ ਸੁਰਤ, ਦੁੱਖ-ਸੁਖ ਅਤੇ ਸਮਾਜਕ ਜ਼ਿੰਮੇਵਾਰੀ ਦੀ ਸੱਚੀ ਤਸਵੀਰ ਪੇਸ਼ ਕਰਦੀ ਹੈ।
ਡਾ. ਚਰਨਜੀਤ ਸਿੰਘ ਨੇ ਇਸ ਸਮਾਗਮ ਨੂੰ ਕਾਲਜ ਲਈ ਮਾਣ ਦੀ ਗੱਲ ਦੱਸਦੇ ਹੋਏ ਕਿਹਾ ਕਿ ਅਜਿਹੇ ਸਾਹਿਤਕ ਕਾਰਜਕ੍ਰਮ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਅਤੇ ਸਾਹਿਤ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਡਾ. ਗੁਰਬੀਰ ਸਿੰਘ ਬਰਾੜ ਨੇ ਪੁਸਤਕ ’ਤੇ ਵਿਚਾਰ ਰੱਖਦੇ ਹੋਏ ਕਿਹਾ ਕਿ ‘ਪਿੱਪਲ ਪੱਤੀਆਂ’ ਵਿਚਲੀ ਕਵਿਤਾ ਜੀਵਨ ਦੀ ਸਾਦਗੀ, ਦਰਦ ਅਤੇ ਉਮੀਦ ਨੂੰ ਸੁੰਦਰ ਕਲਾਤਮਕਤਾ ਨਾਲ ਪ੍ਰਗਟ ਕਰਦੀ ਹੈ।
ਸਮਾਗਮ ਦੀ ਸੰਪੂਰਨਤਾ ਸਾਹਿਤਕ ਚਰਚਾ ਅਤੇ ਸਵਾਲ-ਜਵਾਬ ਦੇ ਦੌਰ ਨਾਲ ਹੋਇਆ, ਜਿਸ ਨਾਲ ਇਹ ਸਮਾਗਮ ਯਾਦਗਾਰ ਬਣ ਗਿਆ।
ਇਸ ਮੌਕੇ ਭਾਈ ਸਿਮਰਨਜੀਤ ਸਿੰਘ , ਭਾਈ ਗੁਰਮੁਖ ਸਿੰਘ, ਕਪਿਲ ਦੀਪ ਸਿੰਘ, ਸਰਵਣ ਸਿੰਘ , ਪ੍ਰੋ. ਅੰਮ੍ਰਿਤਪਾਲ ਸਿੰਘ ਅਤੇ ਪ੍ਰੋ.ਵਿਸ਼ਵਜੀਤ ਸਿੰਘ ਆਦਿ ਹਾਜ਼ਰ ਸਨ।