ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ
ਹਰਦਮ ਮਾਨ
ਸਰੀ, 10 ਨਵੰਬਰ 2025-ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ, ਗੁਰਦੁਆਰਾ ਨਾਨਕ ਨਿਵਾਸ, 5 ਰੋਡ ਰਿਚਮੰਡ ਵਿਖੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਰੱਖੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸ਼ੁਭ ਅਵਸਰ ‘ਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਦੇ ਕੀਰਤਨੀ ਜਥੇ ਪਾਸੋਂ ਅਨੰਦਮਈ ਕੀਰਤਨ ਅਤੇ ਕਥਾ ਦਾ ਆਨੰਦ ਮਾਣਿਆ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਆਈਆਂ ਸੰਗਤਾਂ ਦਾ ਸਵਾਗਤ ਕੀਤਾ ਅਤੇ ਗੁਰੂ ਜੀ ਦੇ ਜੀਵਨ ਅਤੇ ਸੰਦੇਸ਼ ਬਾਰੇ ਸੰਖੇਪ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਯੁਗ ਪੁਰਸ਼ ਆਖਿਆ ਜਾਂਦਾ ਹੈ। ਉਹਨਾਂ ਦੇ ਤਿੰਨ ਸੁਨਹਿਰੀ ਅਸੂਲ ‘ਕਿਰਤ ਕਰਨੀ ,ਵੰਡ ਛਕਣਾ ਅਤੇ ਨਾਮ ਜਪਣਾ’ ਹਰ ਇਕ ਇਨਸਾਨ ਲਈ ਢੁੱਕਵੇਂ ਹਨ। ਆਪਣੀਆਂ ਉਦਾਸੀਆਂ ਰਾਹੀਂ ਦੁਨੀਆਂ ਭਰ ਵਿਚ ਗੁਰੂ ਜੀ ਨੇ ਭਾਈਵਾਲਤਾ, ਇਨਸਾਨੀਅਤ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ। ਜਦੋਂ ਗੁਰੂ ਜੀ ਮੱਕੇ ਪਹੁੰਚੇ ਅਤੇ ਉਥੋਂ ਦੇ ਕਾਜੀ ਰੁਖ ਉਦਦੀਨ ਨੂੰ ਮਿਲੇ ਤਾਂ ਕਾਜੀ ਨੇ ੳਹੁਨਾਂ ਨੂੰ ਪੁੱਛਿਆ ਕਿ ਤੁਹਾਡਾ ਧਰਮ ਕੀ ਹੈ ਤਾਂ ਗੁਰੂ ਜੀ ਕਹਿਣ ਲੱਗੇ ਕਿ ਪਰਮਾਤਮਾ ਦਾ ਬੰਦਾ ਹਾਂ ਅਤੇ ਬਿਨਾਂ ਕਿਸੇ ਧਰਮ ਤੋਂ ਹਾਂ। ਇਸੇ ਹੀ ਤਰ੍ਹਾਂ ਕੁਝ ਸਮੇਂ ਬਾਅਦ ਜਦੋਂ ਗੁਰੂ ਜੀ ਡੇਹਰਾ ਬਾਬਾ ਨਾਨਕ ਵਿਖੇ ਮੁਸਲਿਮ ਵਿਦਵਾਨ ਉਬੇਰ ਖਾਨ ਨੂੰ ਮਿਲੇ ਤਾਂ ਇਹੀ ਸਵਾਲ ਉਸ ਨੇ ਪੁੱਛਿਆ ਕਿ ਕੀ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ। ਇਸ ਵਾਰ ਵੀ ਗੁਰੂ ਜੀ ਦਾ ਉਹੀ ਜਵਾਬ ਸੀ। ਉਹਨਾਂ ਆਖਿਆ ਕਿ ਵਾਹਿਗੁਰੂ ਸਦੀਵੀ ਅਤੇ ਅਮਰ ਹੈ ਅਤੇ ਨਾ ਹਿੰਦੂ ਅਤੇ ਨਾ ਮੁਸਲਮਾਨ ਹੈ। ਵਾਹਿਗੁਰੂ ਨਾਲ ਅਤੇ ਉਸ ਦੀ ਸ੍ਰਿਸ਼ਟੀ ਨਾਲ ਪਿਆਰ ਅਤਿ ਜ਼ਰੂਰੀ ਹੈ। ਇਹ ਸਭ ਕਿਸੇ ਲੇਬਲ ਜਾਂ ਧਰਮ ਤੋਂ ਬਿਨਾ ਵੀ ਕੀਤਾ ਜਾ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਦੀ ਸਮੁੱਚੇ ਸੰਸਾਰ ਅਤੇ ਖਾਸ ਕਰ ਸਿੱਖ ਜਗਤ ਨੂੰ ਬਹੁਤ ਵੱਡੀ ਦੇਣ ਹੈ ਅਤੇ ਗੁਰੂ ਜੀ ਦਾ ਸੰਦੇਸ਼ ਸਾਰੇ ਸੰਸਾਰ ਲਈ ਹੈ। ਆਪਣਾ ਸੁਨੇਹਾ ਪੁੰਹਚਾਉਣ ਲਈ ਗੁਰੂ ਜੀ ਤਕਰੀਬਨ 25 ਸਾਲ ਦੁਨੀਆ ਦੇ ਹਰ ਕੋਨੇ ਵਿਚ ਗਏ ਅਤੇ ਹਰ ਥਾਂ ਆਪਣੀ ਛਾਪ ਛੱਡੀ। ਏਸੇ ਕਰ ਕੇ ਦੁਨੀਆ ਭਰ ਵਿਚ ਗੁਰੂ ਨਾਨਕ ਦੇਵ ਜੀ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਜਿਵੇਂ ਤਿੱਬਤ ਵਿਚ ਉਹਨਾਂ ਨੂੰ ਨਾਨਕ ਲਾਮਾ ਵਜੋਂ ਸਤਿਕਾਰਿਆ ਜਾਂਦਾ ਹੈ। ਮੱਕੇ ਵਿਚ ਉਹਨਾਂ ਨੂੰ ਵਲੀ ਹਿੰਦ, ਰੂਸ ਵਿਚ ਨਾਨਕ ਕਦਮਦਾਰ ਅਤੇ ਚੀਨ ਵਿਚ ਬਾਬਾ ਫੂਸਾ ਵਜੋਂ ਸਤਿਕਾਰਿਆ ਜਾਂਦਾ ਹੈ।
ਸ. ਸੰਘੇੜਾ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ , ਕੀਰਤਨੀ ਜਥੇ, ਸੇਵਾਦਾਰਾਂ ਅਤੇ ਬੀਬੀਆਂ ਦਾ ਲੰਗਰ ਸੇਵਾ ਲਈ ਧੰਨਵਾਦ ਕੀਤਾ।