← ਪਿਛੇ ਪਰਤੋ
ਗੁਰਦਾਸਪੁਰ ਦੇ ਇੱਕ ਨਾਮੀ ਡਾਕਟਰ ਨੂੰ ਮਿਲੀ ਫਿਰੋਤੀ ਲਈ ਧਮਕੀ
ਰੋਹਿਤ ਗੁਪਤਾ
ਗੁਰਦਾਸਪੁਰ 18 ਅਕਤੂਬਰ ਬਟਾਲਾ ਤੋਂ ਬਾਅਦ ਗੁਰਦਾਸਪੁਰ ਤੇ ਵੀ ਗੈਂਗਸਟਰਾਂ ਦੀ ਨਜ਼ਰ ਪੈ ਗਈ ਹੈ। ਅਪਰਾਧ ਦੇ ਗ੍ਰਾਫ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਕਾਫੀ ਸ਼ਾਂਤ ਸਮਝਿਆ ਜਾਂਦਾ ਸੀ । ਕੁਝ ਸਮਾਂ ਪਹਿਲਾਂ ਤੱਕ ਗੈਂਗਸਟਰਵਾਦ ਗੁਰਦਾਸਪੁਰ ਤੇ ਹਾਵੀ ਨਹੀਂ ਸੀ ਪਰ ਸ਼ਹਿਰ ਦੀ ਨਾਮੀ ਪੰਜਾਬ ਵਾਚ ਕੰਪਨੀ ਤੇ ਪੰਜ ਕੁ ਮਹੀਨੇ ਪਹਿਲਾਂ 23 ਜੁਲਾਈ ਨੂੰ ਫਿਰੋਤੀ ਲਈ ਗੋਲੀਆਂ ਚੱਲੀਆਂ ਸੀ। ਹਾਲਾਂਕਿ ਉਸ ਵੇਲੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ । ਇਸ ਦੇ ਨਾਲ ਹੀ ਕਈ ਹੋਰ ਨਾਮੀ ਕਾਰੋਬਾਰੀਆਂ ਨੂੰ ਫਿਰੋਤੀ ਲਈ ਧਮਕੀਆਂ ਆਈਆਂ ਜਿਨਾਂ ਨੂੰ ਪੁਲਿਸ ਵੱਲੋਂ ਸੁਰੱਖਿਆ ਮੁਹਈਆ ਕਰਵਾਈ ਗਈ ਹੈ। ਉਧਰ ਪੰਜਾਬ ਵਾਚ ਕੰਪਨੀ ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਪਰ ਘਟਨਾ ਦਾ ਪੂਰਾ ਖੁਲਾਸਾ ਮੀਡੀਆ ਸਾਹਮਣੇ ਫਿਰ ਵੀ ਨਹੀਂ ਕੀਤਾ ਗਿਆ ਕਿ ਇਸ ਵਿੱਚ ਕਿਹੜਾ ਗੈਂਗਸਟਰ ਸੀ ।ਜਾਂਚ ਦੀ ਗੱਲ ਕਹਿ ਕੇ ਪੁਲਿਸ ਟਾਲ ਗਈ ਤੇ ਹੁਣ ਸ਼ਹਿਰ ਦੇ ਇੱਕ ਨਾਮੀ ਨਿਜੀ ਡਾਕਟਰ ਨੂੰ ਫਿਰੋਤੀ ਲਈ ਧਮਕੀ ਆਉਣ ਦਾ ਖੁਲਾਸਾ ਹੋਇਆ ਹੈ। ਪੁਲਿਸ ਅਧਿਕਾਰੀ ਇਸ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਕ ਸੀਨੀਅਰ ਅਤੇ ਭਰੋਸੇਮੰਦ ਪੁਲਿਸ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਇਸਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਧਮਕੀ ਡਾਕਟਰ ਦੇ ਨਿੱਜੀ ਫੋਨ ਨੰਬਰ ਤੇ ਨਹੀਂ ਆਈ ਹੈ ਬਲਕਿ ਹਸਪਤਾਲ ਦੇ ਇੱਕ ਨੰਬਰ ਤੇ ਦਿੱਤੀ ਗਈ ਹੈ੍ ਇਸ ਲਈ ਹੋ ਸਕਦਾ ਹੈ ਇਹ ਜਾਣਬੁਝ ਕੇ ਕਿਸੇ ਨੇ ਸ਼ਰਾਰਤ ਕੀਤੀ ਹੋਏ ਪਰ ਫਿਰ ਵੀ ਡਾਕਟਰ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਤੇ ਉਸ ਦੀ ਜਾਂਚ ਵੀ ਬਰੀਕੀ ਨਾਲ ਕੀਤੀ ਜਾ ਰਹੀ ਹੈ। ਡਾਕਟਰ ਨੂੰ ਸੁਰੱਖਿਆ ਵੀ ਮੁਹਈਆ ਕਰਵਾ ਦਿੱਤੀ ਗਈ ਹੈ ।
Total Responses : 1250