ਗੁਰਦਾਸਪੁਰ: ਓਵਰਲੋਡ ਈ-ਰਿਕਸ਼ਾ ਪਲਟਣ ਕਾਰਨ ਵਾਪਰਿਆ ਹਾਦਸਾ; ਟ੍ਰੈਫਿਕ ਇੰਚਾਰਜ ਨੇ ਜਨਤਾ ਤੋਂ ਮੰਗਿਆ ਹੱਲ
"ਜੇ ਚਲਾਨ ਕਰੀਏ ਤਾਂ ਲੋਕ ਕਹਿੰਦੇ ਗਰੀਬਾਂ ਨਾਲ ਧੱਕਾ ਹੋ ਰਿਹਾ ਹੈ, ਹੁਣ ਲੋਕ ਹੀ ਦੱਸਣ ਕੀ ਕਰੀਏ"- ਸਤਨਾਮ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ, 5 ਫਰਵਰੀ 2026: ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਪੁੱਲ ਦੇ ਨੇੜੇ ਇੱਕ ਓਵਰਲੋਡ ਅਤੇ ਓਵਰ-ਲੈਂਥ ਸਮਾਨ ਨਾਲ ਲੱਦਿਆ ਈ-ਰਿਕਸ਼ਾ ਪਲਟਣ ਕਾਰਨ ਵੱਡਾ ਹਾਦਸਾ ਵਾਪਰਨੋਂ ਬਚ ਗਿਆ। ਇਹ ਰਿਕਸ਼ਾ ਗੁਰਦਾਸਪੁਰ ਤੋਂ ਪੁਰਾਣਾ ਸ਼ਾਲਾ ਵੱਲ ਜਾ ਰਿਹਾ ਸੀ।
ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿੱਚ ਈ-ਰਿਕਸ਼ਾ ਚਾਲਕ ਸਵਾਰੀਆਂ ਦੀ ਬਜਾਏ ਭਾਰੀ ਅਤੇ ਲੰਬਾ ਸਮਾਨ ਲੋਡ ਕਰ ਰਹੇ ਹਨ, ਜੋ ਸੰਤੁਲਨ ਵਿਗੜਨ ਦਾ ਮੁੱਖ ਕਾਰਨ ਬਣ ਰਿਹਾ ਹੈ। ਮੌਕੇ 'ਤੇ ਪਹੁੰਚੇ ਟ੍ਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਨੇ ਰਿਕਸ਼ਾ ਸਿੱਧਾ ਕਰਵਾਇਆ ਅਤੇ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਦੂਜਿਆਂ ਦੀ ਜਾਨ ਖ਼ਤਰੇ ਵਿੱਚ ਨਾ ਪਾਉਣ।
ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਸਖ਼ਤੀ ਕਰਦੀ ਹੈ ਜਾਂ ਚਲਾਨ ਕੱਟਦੀ ਹੈ, ਤਾਂ ਆਮ ਲੋਕ ਇਹ ਕਹਿ ਕੇ ਰੌਲਾ ਪਾਉਂਦੇ ਹਨ ਕਿ ਗਰੀਬਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਅਜਿਹੇ ਹਾਲਾਤ ਵਿੱਚ ਹੱਲ ਕੀ ਕੱਢਿਆ ਜਾਵੇ ਤਾਂ ਜੋ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।