ਗਿਆਨਦੀਪ ਮੰਚ ਵੱਲੋਂ ਪੁਸਤਕ ‘ਤੂੰ ਰਬਾਬ ਛੇੜ‘ ਕੀਤੀ ਗਈ ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 21 ਅਕਤੂਬਰ 2025:- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼ਾਇਰ ਜਸਵਿੰਦਰ ਸਿੰਘ ਖਾਰਾ ਦੀ ਕਾਵਿ ਪੁਸਤਕ ‘ਤੂੰ ਰਬਾਬ ਛੇੜ ‘ ਨੂੰ ਲੋਕ ਅਰਪਣ ਕੀਤਾ ਗਿਆ। ਮੰਚ ਦੇ ਪ੍ਰਧਾਨ ਡਾ ਜੀ ਐਸ ਆਨੰਦ ਨੇ ਹਾਜ਼ਰੀਨ ਨੂੰ ‘ਜੀ ਆਇਆਂ’ ਕਹਿੰਦਿਆਂ ਵਿਦਵਾਨ ਸ਼ਖਸੀਅਤਾਂ ਬਾਰੇ ਤੁਆਰਫ਼ ਕਰਾਇਆ। ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਜਸਵਿੰਦਰ ਸਿੰਘ ਖਾਰਾ ਦੀ ਸਿਰਜਣ ਪ੍ਰਕਿਰਿਆ, ਪੁਸਤਕ ਅਤੇ ਪਰਵਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਪੇਪਰ ਵਕਤਾ ਵਜੋਂ ਬੋਲਦਿਆਂ ਡਾ ਆਸ਼ਾ ਕਿਰਨ ਨੇ ਕਿਹਾ ਕਿ ਕਵੀ ਨੇ ਆਪਣੀ ਕਵਿਤਾ ਰਾਹੀਂ ਰਬਾਬ ਦੇ ਸੰਕਲਪ, ਉਮੀਦ ਦੇ ਸੰਕਲਪ, ਅਤੀਤ ਅਤੇ ਵਰਤਮਾਨ ਵਿੱਚ ਡੋਲਦੇ ਮਨੁੱਖ ਦੀ ਦਸ਼ਾ ਨੂੰ ਦਰਸਾਇਆ ਹੈ। ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ ਸਤੀਸ਼ ਵਰਮਾ ਨੇ ਕਿਹਾ ਕਿ ਕਵੀ ਨੇ ਆਪਣੇ ਹੱਡੀ ਬੀਤੇ ਅਹਿਸਾਸਾਂ ਨੂੰ ਸ਼ਬਦਾਂ ਰਾਹੀਂ ਕਵਿਤਾ ਵਿੱਚ ਪਰੋਣ ਦਾ ਯਤਨ ਕੀਤਾ ਹੈ। ਪੇਪਰ ‘ਤੇ ਬਹਿਸ ਦਾ ਆਰੰਭ ਕਰਦਿਆਂ ਡਾ ਜੋਗਾ ਸਿੰਘ ਵਿਰਕ ਦਾ ਤਰਕ ਸੀ ਕਿ ਖਾਰਾ ਦੀ ਕਵਿਤਾ ਉਸਦੇ ਹੱਡੀਂ ਹੰਢਾਏ ਦਰਦਾਂ ਨੂੰ ਬਿਆਨ ਕਰਦੀ ਹੋਈ ਉਸਦੀ ਆਤਮ ਕਥਾ ਵਾਂਗ ਮਹਿਸੂਸ ਹੁੰਦੀ ਹੈ। ਅਮਰਜੀਤ ਸਿੰਘ ਵੜੈਚ ਨੇ ਕਿਹਾ ਕਿ ਕਵੀ ਨੇ ਕਵਿਤਾ ਵਿੱਚ ਪਿੰਡ ਦੇ ਅਲੋਪ ਹੋ ਰਹੇ ਸੱਭਿਆਚਾਰ ਬਾਰੇ ਵੀ ਗੱਲ ਕੀਤੀ ਹੈ।
ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਕਵੀ ਦੀ ਤਰੰਨਮ ਵਿੱਚ ਪੇਸ਼ ਕੀਤੀ ਕਵਿਤਾ ‘ਤੂੰ ਰਬਾਬ ਛੇੜ‘ ਦਾ ਅਹਿਸਾਸ ਸਰੋਤੇ ਦੇ ਕੰਨਾਂ ਵਿੱਚ ਰਸ ਘੋਲਦਾ ਹੈ।
ਕਾਬਲ ਵਿਰਕ (ਕਰਨਾਲ) ਦਾ ਤਰਕ ਸੀ ਕਿ ਕਵੀ ਨੇ ਨਕਸਲਬਾੜੀ ਅਤੇ ਖਾੜਕੂਵਾਦ ਦੀਆਂ ਲਹਿਰਾਂ ਦਾ ਦਰਦ ਆਪਣੇ ਪਿੰਡੇ ਤੇ ਹੰਢਾਇਆ ਹੈ ਜਿਹੜਾ ਕਿ ਉਸਦੀ ਕਵਿਤਾ ਵਿੱਚੋਂ ਝਲਕਦਾ ਵੀ ਹੈ। ਉਪਰੋਕਤ ਤੋਂ ਇਲਾਵਾ ਡਾ. ਗੌਰਵ ਵਾਲੀਆ (ਕਨੇਡਾ), ਅਤਿੰਦਰਪਾਲ ਸਿੰਘ ਸਾਬਕਾ ਐੱਮ. ਪੀ, ਅਤੇ ਡਾ. ਹਰਬੰਸ ਧੀਮਾਨ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਜਸਵਿੰਦਰ ਖਾਰਾ ਨੇ ਡਾ. ਸਤੀਸ਼ ਵਰਮਾ ਅਤੇ ਡਾ. ਜੋਗਾ ਸਿੰਘ ਵਿਰਕ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਦੋਵੇਂ ਸ਼ਖ਼ਸੀਅਤਾਂ ਨੇ ਮੈਨੂੰ ਸਟੇਜ ਤੇ ਖੜ੍ਹਨ ਯੋਗ ਬਣਾਇਆ ਹੈ ਜਦੋਂ ਕਿ ਇਸ ਪੁਸਤਕ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਬਲਬੀਰ ਜਲਾਲਾਬਾਦੀ ਅਤੇ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਦਾ ਵਿਸ਼ੇਸ਼ ਯੋਗਦਾਨ ਹੈ। ਸਮਾਗਮ ਵਿੱਚ ਸ਼ਾਇਰ ਖਾਰਾ ਦੀ ਧਰਮ ਪਤਨੀ ਦਵਿੰਦਰ ਕੌਰ, ਬੇਟੀ ਅਮਨਲੋਅ ਕੌਰ, ਭਰਾ ਹਰਦੀਪ ਸਿੰਘ ਖਾਰਾ ਸਮੇਤ ਹੋਰ ਰਿਸ਼ਤੇਦਾਰ ਵੀ ਹਾਜ਼ਰ ਰਹੇ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ,ਧਰਮ ਕੰਮੇਆਣਾ, ਡਾ.ਲਕਸ਼ਮੀ ਨਰਾਇਣ ਭੀਖੀ,ਗੁਰਪ੍ਰੀਤ ਢਿੱਲੋਂ, ਰਾਜਵਿੰਦਰ ਕੌਰ ਜਟਾਣਾ, ਨਵਦੀਪ ਮੁੰਡੀ, ਅਵਤਾਰਜੀਤ, ਰਾਮ ਸਿੰਘ ਬੰਗ, ਤੇਜਿੰਦਰ ਅਨਜਾਨਾ, ਗੁਰਦਰਸ਼ਨ ਸਿੰਘ ਗੁਸੀਲ, ਗੁਰਚਰਨ ਪੱਬਾਰਾਲੀ, ਚਮਕੌਰ ਸਿੰਘ ਚਹਿਲ, ਹਰੀ ਸਿੰਘ ਚਮਕ, ਸੰਤ ਸਿੰਘ ਸੋਹਲ, ਅਨੀਤਾ ਅਰੋੜਾ, ਹਰੀ ਦੱਤ ਹਬੀਬ, ਰਾਜ ਸਿੰਘ ਬਧੌ਼ਛੀ, ਤ੍ਰਿਲੋਕ ਢਿੱਲੋਂ, ਮੰਗਤ ਖਾਨ, ਜਸਵਿੰਦਰ ਕੌਰ, ਸੁਖਵਿੰਦਰ ਕੌਰ ਸੁੱਖ, ਹਰਜੀਤ ਕੌਰ, ਵਿਜੇ ਕੁਮਾਰ, ਮਨਮੋਹਨ ਸਿੰਘ ਨਾਭਾ, ਕੁਲਦੀਪ ਕੌਰ ਧੰਜੂ, ਕਾਜਲ ਗੋਇਲ, ਸਰਵਣ ਕੁਮਾਰ ਵਰਮਾ, ਸ਼ਾਮ ਸਿੰਘ ਪ੍ਰੇਮ ਤੋਂ ਇਲਾਵਾ ਰਾਜੇਸ਼ ਕੋਟੀਆ, ਯਸ਼ਸਵੀ, ਕਮਲਜੀਤ ਕੌਰ, ਐੱਸ ਐੱਨ ਚੌਧਰੀ, ਦਲੀਪ ਸਿੰਘ ਓਬਰਾਏ ਅਤੇ ਸਰਬਜੀਤ ਸਿੰਘ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ ਤੇ ਫੋਟੋਗ੍ਰਾਫੀ ਦੇ ਫਰਜ਼ ਗੁਰਪ੍ਰੀਤ ਸਿੰਘ ਜਖਵਾਲੀ ਨੇ ਬਾਖੂਬੀ ਨਿਭਾਏ।