ਖੰਨਾ ਪੁਲਿਸ ਦੀ ਵੱਡੀ ਕਾਮਯਾਬੀ: ਵਿਦੇਸ਼ੀ ਗੈਂਗਸਟਰਾਂ ਲਈ ਕੰਮ ਕਰ ਰਹੇ ਦੋ ਸਕੇ ਭਰਾ ਗ੍ਰਿਫ਼ਤਾਰ
ਅਮਰੀਕਾ ਅਤੇ ਕੈਨੇਡਾ ਤੋਂ ਚੱਲ ਰਹੇ ਗੈਂਗ ਦਾ ਪਰਦਾਫਾਸ਼; ਟਾਰਗੇਟ ਕਿਲਿੰਗ ਅਤੇ ਫਾਇਰਿੰਗ ਦੀਆਂ ਕਈ ਵਾਰਦਾਤਾਂ ਦੇ ਰਾਜ਼ ਖੁੱਲ੍ਹੇ
ਰਵਿੰਦਰ ਢਿੱਲੋਂ
ਖੰਨਾ, 5 ਫਰਵਰੀ 2026: ਖੰਨਾ ਪੁਲਿਸ ਨੇ ਸੰਗਠਿਤ ਅਪਰਾਧ ਵਿਰੁੱਧ ਵਿੱਢੀ ਮੁਹਿੰਮ ਤਹਿਤ ਫਿਰੋਜ਼ਪੁਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਹ ਦੋਵੇਂ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਖ਼ਤਰਨਾਕ ਗੈਂਗਸਟਰਾਂ ਲਈ ਸ਼ੂਟਰ ਵਜੋਂ ਕੰਮ ਕਰ ਰਹੇ ਸਨ ਅਤੇ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀਆਂ ਕਈ ਘਟਨਾਵਾਂ ਵਿੱਚ ਸ਼ਾਮਲ ਸਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਾਲ (25) ਅਤੇ ਉਸ ਦੇ ਛੋਟੇ ਭਰਾ ਗੋਰਾ (23) ਵਜੋਂ ਹੋਈ ਹੈ, ਜੋ ਨਿਜ਼ਾਮੂਦੀਨ ਬਸਤੀ, ਫਿਰੋਜ਼ਪੁਰ ਦੇ ਵਾਸੀ ਹਨ। ਇਹ ਦੋਵੇਂ ਅਮਰੀਕਾ ਸਥਿਤ ਸਰਬਜੀਤ ਸਿੰਘ ਸਾਬੀ ਅਤੇ ਕੈਨੇਡਾ ਸਥਿਤ ਗੋਲਡੀ ਬਰਾੜ ਗੈਂਗ ਦੇ ਸਿੱਧੇ ਸੰਪਰਕ ਵਿੱਚ ਸਨ। ਵਿਸ਼ਾਲ 18 ਜਨਵਰੀ 2026 ਨੂੰ ਖੰਨਾ ਵਿੱਚ ਇੱਕ ਕੱਪੜਾ ਵਪਾਰੀ ਦੇ ਘਰ 'ਤੇ ਹੋਈ ਫਾਇਰਿੰਗ ਅਤੇ ਕਾਰ ਨੂੰ ਅੱਗ ਲਗਾਉਣ ਦੀ ਘਟਨਾ ਦਾ ਮੁੱਖ ਦੋਸ਼ੀ ਹੈ।
ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਬਦਲੇ ਮੁਲਜ਼ਮਾਂ ਨੂੰ ਲੱਖਾਂ ਰੁਪਏ ਦਿੱਤੇ ਜਾਂਦੇ ਸਨ। ਜੁਲਾਈ 2025 ਵਿੱਚ ਮਾਛੀਵਾੜਾ ਸਾਹਿਬ ਵਿਖੇ ਕੀਤੀ ਫਾਇਰਿੰਗ ਲਈ 2 ਲੱਖ ਰੁਪਏ ਦਿੱਤੇ ਗਏ ਸਨ। ਕੱਪੜਾ ਵਪਾਰੀ 'ਤੇ ਹਮਲੇ ਲਈ 20 ਹਜ਼ਾਰ ਰੁਪਏ ਮਿਲੇ ਸਨ। ਮੁਲਜ਼ਮ ਗੋਰਾ ਨੇ ਚਮਕੌਰ ਸਾਹਿਬ ਵਿੱਚ ਵੀ ਫਾਇਰਿੰਗ ਕਰਨ ਦੀ ਗੱਲ ਕਬੂਲ ਕੀਤੀ ਹੈ।
ਐੱਸ.ਐੱਸ.ਪੀ. ਖੰਨਾ ਡਾ. ਅਰਪਣ ਆਹਲੂਵਾਲੀਆ ਨੇ ਦੱਸਿਆ ਕਿ ਇਹ ਦੋਵੇਂ ਪੇਸ਼ੇਵਰ ਸ਼ੂਟਰ ਹਨ। ਵਿਸ਼ਾਲ ਨੂੰ ਵਿਦੇਸ਼ੀ ਹੈਂਡਲਰ ਵਿੱਕੀ ਟਹਿਲਾ ਨੇ ਹਾਇਰ ਕੀਤਾ ਸੀ, ਜਦਕਿ ਗੋਰਾ ਨੂੰ ਸਰਬਜੀਤ ਸਿੰਘ ਸਾਬੀ ਵੱਲੋਂ ਹਾਇਰ ਕੀਤਾ ਗਿਆ ਸੀ। ਪੁਲਿਸ ਹੁਣ ਇਨ੍ਹਾਂ ਦੇ ਫ਼ਰਾਰ ਸਾਥੀਆਂ ਦੀ ਭਾਲ ਕਰ ਰਹੀ ਹੈ ਅਤੇ ਇਨ੍ਹਾਂ ਦੇ ਬੈਂਕ ਖਾਤਿਆਂ ਤੇ ਮੋਬਾਈਲ ਫ਼ੋਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।