ਖੇਲੋ ਇੰਡੀਆ ਗੇਮਜ਼ ਲਈ ਚੁਣੀ ਗਈ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਵਿਦਿਆਰਥਣ
ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2026 : ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਹੋਣਹਾਰ ਖਿਡਾਰਣ ਸਿਮਰਨਜੀਤ ਕੌਰ ਨੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਦਿਆਂ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਉਹ ਖੇਲੋ ਇੰਡੀਆ ਗੇਮਜ਼ ਲਈ ਚੁਣੀ ਜਾਣ ਵਾਲੀ ਯੂਨੀਵਰਸਿਟੀ ਦੀ ਪਹਿਲੀ ਖਿਡਾਰਣ ਬਣ ਗਈ ਹੈ। ਉਸਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਐਥਲੈਟਿਕਸ ਮੁਕਾਬਲੇ ਵਿੱਚ ਸ਼ਾਟ ਪੁੱਟ ਇਵੈਂਟ ਦੌਰਾਨ 14.42 ਮੀਟਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਹ ਸਫਲਤਾ ਪ੍ਰਾਪਤ ਕੀਤੀ।
ਇਹ ਰਾਸ਼ਟਰੀ ਪੱਧਰ ਦਾ ਮੁਕਾਬਲਾ ਐਸੋਸੀਏਸ਼ਨ ਆਫ਼ ਇੰਡੀਆਨ ਯੂਨੀਵਰਸਿਟੀਜ਼ ਦੀ ਅਗਵਾਈ ਹੇਠ ਅਤੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅਤੇ ਅਲਵਾ ਐਜੂਕੇਸ਼ਨ ਫਾਊਂਡੇਸ਼ਨ, ਮੰਗਲੁਰੂ (ਕਰਨਾਟਕ) ਵੱਲੋਂ ਸਾਂਝੇ ਤੌਰ ’ਤੇ 12 ਤੋਂ 16 ਜਨਵਰੀ 2026 ਤੱਕ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਦੇਸ਼ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਖਿਡਾਰੀਆਂ ਨੇ ਭਾਗ ਲਿਆ।
ਸਿਮਰਨਜੀਤ ਕੌਰ ਦੀ ਇਹ ਉਪਲਬਧੀ ਉਸਦੀ ਮਹਿਨਤ, ਅਨੁਸ਼ਾਸਨ ਅਤੇ ਟਰੈਕ ਐਂਡ ਫੀਲਡ ਐਥਲੈਟਿਕਸ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਨੂੰ ਦਰਸਾਉਂਦੀ ਹੈ। ਉਹ ਸਹਾਇਕ ਪ੍ਰੋਫੈਸਰ ਅਤੇ ਟਰੈਕ ਐਂਡ ਫੀਲਡ ਐਥਲੈਟਿਕਸ ਦੇ ਮਾਹਰ ਡਾ. ਸੋਮਨਪ੍ਰੀਤ ਸਿੰਘ ਕੋਲੋਂ ਟ੍ਰੇਨਿੰਗ ਲੈ ਰਹੀ ਹੈ, ਜਿਨ੍ਹਾਂ ਦੇ ਤਕਨੀਕੀ ਮਾਰਗਦਰਸ਼ਨ ਨੇ ਉਸਦੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਇਸ ਉਪਲਬਧੀ ’ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਉਰੀ ਨੇ ਸਿਮਰਨਜੀਤ ਕੌਰ ਨੂੰ ਵਧਾਈ ਦਿੱਤੀ ਹੈ।