ਖੇਤਰੀ ਭਾਸ਼ਾਵਾਂ ਦੇ ਡਿਜੀਟਲ ਵਿਕਾਸ 'ਚ ਵੱਡੀ ਪ੍ਰਾਪਤੀ: ਉਰਦੂ ਵਿਕੀਸੋਰਸ ਦਾ ਉਦਘਾਟਨ; ਪੰਜਾਬ ਸਰਕਾਰ ਤੋਂ ਮੰਗਿਆ ਸਹਿਯੋਗ
ਚੰਡੀਗੜ੍ਹ 26 ਅਪ੍ਰੈਲ 2026: ਖੇਤਰੀ ਡਿਜੀਟਲ ਵਿਰਾਸਤ ਨੂੰ ਸੰਭਾਲਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਪੁੱਟਦਿਆਂ 'ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ' ਨੇ ਅੱਜ 'ਉਰਦੂ ਵਿਕੀਸੋਰਸ' (Urdu Wikisource) ਦੇ ਸ਼ੁਭਾਰੰਭ ਦਾ ਐਲਾਨ ਕੀਤਾ ਹੈ। ਇਹ ਇੱਕ ਮੁਫ਼ਤ ਅਤੇ ਓਪਨ ਸੋਰਸ ਡਿਜੀਟਲ ਲਾਇਬ੍ਰੇਰੀ ਹੈ, ਜੋ ਹੁਣ ਵਿਸ਼ਵ ਪੱਧਰ 'ਤੇ ਉਰਦੂ ਸਾਹਿਤ ਦੇ ਖ਼ਜ਼ਾਨੇ ਨੂੰ ਡਿਜੀਟਲ ਰੂਪ ਵਿੱਚ ਪੇਸ਼ ਕਰੇਗੀ। ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਵਲੰਟੀਅਰਾਂ ਨੇ ਪੰਜਾਬੀ ਅਤੇ ਹੋਰ ਖੇਤਰੀ ਭਾਸ਼ਾਵਾਂ ਦੇ ਵਿਕਾਸ ਲਈ ਸਰਕਾਰੀ ਸਹਾਇਤਾ ਅਤੇ ਕਾਪੀਰਾਈਟ ਕਾਨੂੰਨਾਂ ਵਿੱਚ ਸੋਧ ਦੀ ਮੰਗ ਵੀ ਕੀਤੀ।
ਵਿਕੀਮੀਡੀਆ ਫਾਊਂਡੇਸ਼ਨ ਵਿੱਚ ਕੰਟੈਂਟ ਇਨੇਬਲਮੈਂਟ ਟੀਮ ਦੇ ਮੈਨੇਜਰ ਸਤਦੀਪ ਗਿੱਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਕੌਮਾਂਤਰੀ ਭਾਈਵਾਲਾਂ ਦਾ ਭਰਵਾਂ ਸਹਿਯੋਗ ਮਿਲਿਆ ਹੈ; ਉਰਦੂ ਸਾਹਿਤ ਦੇ ਦੁਨੀਆ ਦੇ ਸਭ ਤੋਂ ਵੱਡੇ ਸੰਗ੍ਰਹਿ 'ਰੇਖਤਾ' ਨੇ 10 ਦੁਰਲੱਭ ਪੁਸਤਕਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਮੁਨਸ਼ੀ ਪ੍ਰੇਮਚੰਦ ਦੁਆਰਾ ਲਿਖੀ ਗਈ 'ਰਾਮਾਇਣ' ਅਤੇ ਮਜ਼ਹਰ ਅਲੀ ਖਾਨ ਵਿਲਾ ਦੀ 'ਬੇਤਾਲ ਪੱਚੀਸੀ' ਦਾ ਉਰਦੂ ਅਨੁਵਾਦ ਸ਼ਾਮਲ ਹੈ। ਬ੍ਰਿਟਿਸ਼ ਲਾਇਬ੍ਰੇਰੀ ਨੇ 7 ਦੁਰਲੱਭ ਇਤਿਹਾਸਕ ਗ੍ਰੰਥ ਸਾਂਝੇ ਕੀਤੇ ਹਨ, ਜਿਨ੍ਹਾਂ ਵਿੱਚ 'ਅਲਿਫ਼ ਲੈਲਾ' ਅਤੇ ਮਲਿਕ ਮੁਹੰਮਦ ਜਾਇਸੀ ਦੀ ਕਵਿਤਾ 'ਪਦਮਾਵਤ' ਦਾ 19ਵੀਂ ਸਦੀ ਦਾ ਐਡੀਸ਼ਨ ਸ਼ਾਮਲ ਹੈ।
ਪੁਰਾਣੀਆਂ ਕਿਤਾਬਾਂ 'ਚ ਸ਼ਬਦ ਲੱਭਣਾ ਹੋਵੇਗਾ ਆਸਾਨ
ਕਮਿਊਨਿਟੀ ਕੋਆਰਡੀਨੇਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਵਿਕੀਸੋਰਸ ਸਿਰਫ਼ ਤਸਵੀਰਾਂ ਦਾ ਸੰਗ੍ਰਹਿ ਨਹੀਂ ਹੈ, ਸਗੋਂ ਇਹ ਸਕੈਨ ਕੀਤੇ ਦਸਤਾਵੇਜ਼ਾਂ ਨੂੰ 'ਡਿਜੀਟਲ ਸਰਚੇਬਲ ਟੈਕਸਟ' (ਖੋਜਣਯੋਗ ਲਿਖਤ) ਵਿੱਚ ਬਦਲ ਦਿੰਦਾ ਹੈ। ਹੁਣ ਖੋਜਾਰਥੀ ਸਦੀਆਂ ਪੁਰਾਣੀਆਂ ਕਿਤਾਬਾਂ ਵਿੱਚੋਂ ਕੋਈ ਵੀ ਖ਼ਾਸ ਸ਼ਬਦ ਆਸਾਨੀ ਨਾਲ ਲੱਭ ਸਕਣਗੇ। ਇਸ ਕਾਰਜ ਲਈ ਚਰਨ ਸਿੰਘ, ਡਾ. ਪਵਨ ਟਿੱਬਾ ਅਤੇ ਬਲਰਾਮ ਬੋਧੀ ਵਰਗੇ ਵਲੰਟੀਅਰਾਂ ਨੇ ਸਾਲ ਭਰ ਮਿਹਨਤ ਕੀਤੀ ਹੈ।
ਪੰਜਾਬੀ ਵਿਕੀਮੀਡੀਅਨਜ਼ ਨੇ ਪੰਜਾਬ ਸਰਕਾਰ ਨੂੰ ਤਮਿਲਨਾਡੂ ਮਾਡਲ ਅਪਣਾਉਣ ਦੀ ਅਪੀਲ ਕੀਤੀ ਹੈ; ਸਰਕਾਰੀ ਅਕਾਦਮੀਆਂ (ਜਿਵੇਂ ਪੰਜਾਬ ਸਾਹਿਤ ਅਕਾਦਮੀ) ਵੱਲੋਂ ਫੰਡ ਪ੍ਰਾਪਤ ਸਾਰੀਆਂ ਕਿਤਾਬਾਂ ਅਤੇ ਖੋਜਾਂ ਨੂੰ CC-BY-SA ਲਾਇਸੈਂਸ ਤਹਿਤ ਜਨਤਕ ਕੀਤਾ ਜਾਵੇ। ਸਥਾਨਕ ਵਿਰਾਸਤ ਨੂੰ ਡਿਜੀਟਲ ਰੂਪ ਦੇਣ ਲਈ ਕਾਪੀਰਾਈਟ ਕਾਨੂੰਨਾਂ ਨੂੰ ਸੁਖਾਲਾ ਬਣਾਇਆ ਜਾਵੇ। ਸਕੂਲਾਂ ਵਿੱਚ ਅਧਿਆਪਕਾਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਚਲਾਏ ਜਾਣ ਤਾਂ ਜੋ ਉਹ ਵਿਕੀਪੀਡੀਆ 'ਤੇ 'ਡਿਜੀਟਲ ਪੰਜਾਬ' ਦੇ ਨਿਰਮਾਣ ਵਿੱਚ ਯੋਗਦਾਨ ਪਾ ਸਕਣ।
AI ਦੇ ਯੁੱਗ ਵਿੱਚ ਭਾਸ਼ਾ ਦੀ ਹੋਂਦ
ਸਤਦੀਪ ਗਿੱਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਦੌਰ ਵਿੱਚ ਜਿਨ੍ਹਾਂ ਭਾਸ਼ਾਵਾਂ ਦਾ ਡਿਜੀਟਲ ਡੇਟਾ ਮਜ਼ਬੂਤ ਨਹੀਂ ਹੈ, ਉਹ ਪਿੱਛੇ ਰਹਿ ਜਾਣਗੀਆਂ। ਜੇਕਰ ਪੰਜਾਬੀ ਨੂੰ ਭਵਿੱਖ ਦੀਆਂ ਤਕਨੀਕਾਂ ਵਿੱਚ ਜਿਊਂਦਾ ਰੱਖਣਾ ਹੈ, ਤਾਂ ਓਪਨ ਲਾਇਸੈਂਸ ਵਾਲਾ ਡਿਜੀਟਲ ਕੰਟੈਂਟ ਤਿਆਰ ਕਰਨਾ ਬਹੁਤ ਜ਼ਰੂਰੀ ਹੈ।
Click to Follow Babushahi Facebook page →