ਕਿਸਾਨਾਂ ਦਾ ਜਥਾ ਅੱਜ ਵੀ ਸ਼ੰਭੂ ਬਾਰਡਰ ਤੋਂ ਵਾਪਿਸ ਮੁੜਿਆ, ਹਰਿਆਣਾ ਪੁਲਿਸ ਨੇ ਨਹੀਂ ਜਾਣ ਦਿੱਤਾ
ਸ਼ੰਭੂ ਬਾਰਡਰ, 8 ਦਸੰਬਰ 2024 - ਪੰਜਾਬ ਦੇ 101 ਕਿਸਾਨ ਐਤਵਾਰ (8 ਦਸੰਬਰ) ਨੂੰ ਦੁਪਹਿਰ 12 ਵਜੇ ਸ਼ੰਭੂ ਸਰਹੱਦ ਤੋਂ ਪੈਦਲ ਦਿੱਲੀ ਲਈ ਰਵਾਨਾ ਹੋਏ ਸਨ, ਪਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਪੁਲ 'ਤੇ ਰੋਕ ਲਿਆ। ਇਸ ਦੌਰਾਨ ਪੁਲੀਸ ਤੇ ਕਿਸਾਨਾਂ ਵਿਚਾਲੇ ਬਹਿਸ ਗਈ। ਹਰਿਆਣਾ ਪੁਲਿਸ ਨੇ ਕਿਸਾਨਾਂ ਤੋਂ ਦਿੱਲੀ ਜਾਣ ਲਈ ਮਨਜ਼ੂਰੀ ਪੱਤਰ ਮੰਗਿਆ। ਉਨ੍ਹਾਂ ਕਿਹਾ ਕਿ ਉਹ ਬਿਨਾਂ ਇਜਾਜ਼ਤ ਦਿੱਲੀ ਨਹੀਂ ਜਾ ਸਕਦੇ। ਇਸ ਤੋਂ ਬਾਅਦ ਕਿਸਾਨਾਂ ਨੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ। ਇਸ ’ਤੇ ਹਰਿਆਣਾ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਜਲ ਤੋਪਾਂ ਦੀ ਵੀ ਵਰਤੋਂ ਕੀਤੀ ਗਈ। ਹਾਲਾਂਕਿ ਇਸ ਦੌਰਾਨ ਹਰਿਆਣਾ ਪੁਲਿਸ ਨੇ ਵੀ ਕਿਸਾਨਾਂ 'ਤੇ ਫੁੱਲਾਂ ਦੀ ਵਰਖਾ ਕੀਤੀ। ਗਰੁੱਪ ਨੂੰ ਕਰੀਬ ਸਾਢੇ ਚਾਰ ਘੰਟੇ ਬਾਅਦ ਵਾਪਸ ਬੁਲਾਇਆ ਗਿਆ।
ਇਸ ਸੰਬੰਧੀ ਕਿਸਾਨ ਆਗੂ ਸਰਵਣ ਪੰਧੇਰ ਨੇ ਜਾਣਕਰੀ ਦਿੰਦੇ ਹੋਏ ਦੱਸਿਆ ਹੈ ਕਿ 7-8 ਕਿਸਾਨ ਜ਼ਖ਼ਮੀ ਹੋਏ ਹਨ। ਜਿਸ ਵਿੱਚ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਗਰੁੱਪ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਗਿਆ। ਹੁਣ ਮੀਟਿੰਗ ਕਰਕੇ ਰਣਨੀਤੀ ਬਣਾਵਾਂਗੇ।