ਪੰਜਾਬ ਕਾਂਗਰਸ ਵੱਲੋਂ ਮਨਰੇਗਾ ਵਿੱਚ ਤਬਦੀਲੀ ਖਿਲਾਫ ਮਜ਼ਦੂਰਾਂ ਦੇ ਇਕੱਠ ਸੱਦਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 25ਦਸੰਬਰ 2025:ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਦਾ ਨਾਮ ਅਤੇ ਰੂਪ ਰੇਖਾ ਬਦਲਣ ਖਿਲਾਫ ਪੰਜਾਬ ਪ੍ਰਦੇਸ਼ ਕਾਂਗਰਸ ਨੇ 30 ਦਸੰਬਰ ਤੋਂ 5 ਜਨਵਰੀ ਤੱਕ ਪਿੰਡਾਂ ਵਿੱਚ ਮਜ਼ਦੂਰਾਂ ਦੇ ਵੱਡੇ ਵੱਡੇ ਜਾਗਰੂਕਤਾ ਇਕੱਠ ਸੱਦਣ ਦਾ ਐਲਾਨ ਕੀਤਾ ਹੈ। ਬਠਿੰਡਾ ਪੁੱਜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਅਤੇ ਖਜਾਨਚੀ ਤੇ ਕਾਂਗਰਸ ਦੇ ਵਰਕਿੰਗ ਕਮੇਟੀ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸਾਲ 2014 ਤੋਂ ਸੱਤਾ ਵਿੱਚ ਆਈ ਮੋਦੀ ਸਰਕਾਰ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਲਿਆਂਦੀ ਮਨਰੇਗਾ ਸਕੀਮ ਨੂੰ ਤਬਾਹ ਕਰਨ ਦੇ ਇਰਾਦੇ ਤਹਿਤ ਤਬਦੀਲੀਆਂ ਕਰਦੀ ਆਈ ਹੈ ਪਰ ਕਾਂਗਰਸ ਦੇ ਵਿਰੋਧ ਕਾਰਨ ਕੇਂਦਰ ਨੂੰ ਪੈਰ ਪਿੱਛੇ ਹਟਾਉਣੇ ਪਏ ਹਨ।ਉਹਨਾਂ ਕਿਹਾ ਕਿ ਇਸ ਸਕੀਮ ਤਹਿਤ ਸੂਬੇ ਅਤੇ ਕੇਂਦਰ ਵਿੱਚ 10 ਫੀਸਦੀ ਤੇ 90 ਫੀਸਦੀ ਦੀ ਸਾਂਝ ਹੁੰਦੀ ਸੀ ਜੋ ਹੁਣ 40 ਫੀਸਦੀ ਅਤੇ 60 ਫੀਸਦੀ ਕਰ ਦਿੱਤੀ ਹੈ, ਇਸ ਦੇ ਨਾਲ ਜਿੱਥੇ ਸੂਬਿਆਂ ਤੇ ਵਾਧੂ ਬੋਝ ਪਵੇਗਾ, ਉੱਥੇ ਹੀ 125 ਦਿਨ ਦੇ ਰੁਜ਼ਗਾਰ ਗਰੰਟੀ ਕਾਰਡ ਸਾਲ ਵਿੱਚ ਇੱਕ ਵਾਰ ਬਣਨਗੇ ਜਿਸ ਨਾਲ ਪਿੰਡਾਂ ਵਿੱਚ ਮਜ਼ਦੂਰਾਂ ਨੂੰ ਕੰਮ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਸਵਾਲ ਖੜੇ ਹੋ ਰਹੇ ਹਨ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਚਾਇਤਾਂ ਆਪਣੇ ਪੱਧਰ ਤੇ ਮਜ਼ਦੂਰਾਂ ਤੋਂ ਮਨਰੇਗਾ ਸਕੀਮ ਤਹਿਤ ਕੰਮ ਕਰਵਾ ਲੈਂਦੀਆਂ ਸਨ ਅਤੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਸਨ ਪਰੰਤੂ ਹੁਣ ਇਸ ਸਕੀਮ ਨਾਲ ਲੱਖਾਂ ਮਜਦੂਰਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਕਰੀਬ 25 ਲੱਖ ਮਜ਼ਦੂਰਾਂ ਦਾ ਸਿੱਧੇ ਤੌਰ ਤੇ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਕਾਂਗਰਸ
ਮੋਦੀ ਸਰਕਾਰ ਦੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਉਹਨਾਂ ਕਿਹਾ ਕਿ ਮੋਦੀ ਸਰਕਾਰ ਲੱਖਾਂ ਮਜ਼ਦੂਰਾਂ ਨਾਲ ਧੋਖਾ ਕਰ ਰਹੀ ਹੈ। ਉਹਨਾਂ ਦੱਸਿਆ ਕਿ 30 ਦਸੰਬਰ ਤੱਕ ਕਾਂਗਰਸ ਪ ਦੀ ਸਮੁੱਚੀ ਲੀਡਰਸ਼ਿਪ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਇਸ ਸਕੀਮ ਵਿਰੋਧੀ ਪ੍ਰਚਾਰ ਕਰੇਗੀ ਅਤੇ 5 ਜਨਵਰੀ ਤੋਂ ਬਾਅਦ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਮਜ਼ਦੂਰਾਂ ਅਤੇ ਆਮ ਲੋਕਾਂ ਨਾਲ ਸੰਪਰਕ ਕਰਕੇ ਇਸ ਸਕੀਮ ਦੇ ਵਿਰੋਧ ਪ੍ਰਤੀ ਜਾਣਕਾਰੀ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਇਸ ਤਰ੍ਹਾਂ ਦੀਆਂ ਕੋਜੀਆਂ ਹਰਕਤਾਂ ਬੰਦ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਇੱਕ ਲਹਿਰ ਖੜੀ ਹੋਵੇਗੀ ਜਿਸ ਲਈ ਮੋਦੀ ਸਰਕਾਰ ਖੁਦ ਜਿੰਮੇਵਾਰ ਹੋਵੇਗੀ। ਇਸ ਮੌਕੇ ਉਹਨਾਂ ਸ਼ਹਿਰੀ ਕਾਂਗਰਸ ਦੇ ਆਗੂਆਂ ਨੂੰ ਨਗਰ ਨਿਗਮ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਇਹਨਾਂ ਚੋਣਾਂ ਦੌਰਾਨ ਹੋਣ ਵਾਲੀ ਹਰ ਕਿਸਮ ਦੀ ਧੱਕੇਸ਼ਾਹੀ ਦਾ ਡੱਟ ਕੇ ਵਿਰੋਧ ਕਰੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਵਿਸ਼ਵਾਸ ਦਵਾਇਆ ਕਿ ਮਜ਼ਦੂਰਾਂ ਖਿਲਾਫ ਕੇਂਦਰ ਸਰਕਾਰ ਦੀ ਸਕੀਮ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਕੇਕੇ ਅਗਰਵਾਲ, ਟਹਿਲ ਸਿੰਘ ਸੰਧੂ, ਅਰੁਣ ਵਧਾਵਨ ,ਪਵਨ ਮਾਨੀ ,ਬਲਜਿੰਦਰ ਸਿੰਘ ਠੇਕੇਦਾਰ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਅਤੇ ਕਿਰਨਜੀਤ ਸਿੰਘ ਗਹਿਰੀ ਆਦਿ ਦੇ ਆਗੂ ਹਾਜ਼ਰ ਸਨ।