ਕਦੇ ਵੀ ਸੁਖਬੀਰ ਸਿੰਘ ਬਾਦਲ ਜਾਂ ਮੈਂ ’ਵੀਰ ਬਾਲ ਦਿਵਸ’ ਨਾਮ ਰੱਖੇ ਜਾਣ ਦੀ ਸਿਫਾਰਸ਼ ਨਹੀਂ ਕੀਤੀ: ਮਨਜੀਤ ਸਿੰਘ ਜੀ.ਕੇ.
ਚੰਡੀਗੜ੍ਹ : ਦਸੰਬਰ 23,
ਮਨਜੀਤ ਸਿੰਘ ਜੀ.ਕੇ. ਨੇ ਆਪਣੇ ਵੱਲੋਂ ਜਾਰੀ ਮੀਡੀਆ ਬਾਇਟ ਵਿੱਚ ਦੱਸਿਆ ਕਿ ਭਾਜਪਾ ਦੇ ਆਗੂ ਪ੍ਰਿਤਪਾਲ ਸਿੰਘ ਬਲੀਆਵਾਲਾ ਦਾ ਇਹ ਬਿਆਨ ਸਰਾਸਰ ਝੂਠ ਹੈ ਜਿਸ ਵਿੱਚ ਪ੍ਰਿਤਪਾਲ ਸਿੰਘ ਬਲੀਆਵਾਲਾ ਨੇ ਮੀਡੀਆ ਵਿੱਚ ਤੇ ਆਪਣੇ ਟਵੀਟਰ ’ਤੇ ਬਿਆਨ ਦਿੱਤਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਇੱਕ ਸੈਮੀਨਾਰ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸਾਂਸਦ ਸਮ੍ਰਿਤੀ ਇਰਾਨੀ, ਖੁਦ ਮਨਜੀਤ ਸਿੰਘ ਜੀ.ਕੇ., ਇੰਡੀਆ ਟੀ.ਵੀ. ਦੇ ਮਾਲਕ ਰਜਤ ਸ਼ਰਮਾ ਮੌਜੂਦ ਸਨ, ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਮੰਗ ਕੀਤੀ ਗਈ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਦਾ ਨਾਮ ‘ਵੀਰ ਬਾਲ ਦਿਵਸ’ ਰੱਖਿਆ ਜਾਵੇ।
ਮਨਜੀਤ ਸਿੰਘ ਜੀ.ਕੇ. ਨੇ ਅੱਗੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵੀ ਅਜਿਹਾ ਪ੍ਰੈੱਸ ਨੋਟ ਨਹੀਂ ਹੈ ਜਿਸ ਵਿੱਚ ਅਜਿਹੀ ਮੰਗ ਕਰਨ ਦਾ ਜ਼ਿਕਰ ਹੋਵੇ। ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਉਹ ਉਸ ਸੈਮੀਨਾਰ ਦੇ ਵੀਡੀਓ ਲਿੰਕ ਵੀ ਸਾਂਝਾ ਕਰ ਸਕਦੇ ਹਨ ਜਿਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਵੱਲੋਂ ਕਦੇ ਵੀ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਦਾ ਨਾਮ ‘ਵੀਰ ਬਾਲ ਦਿਵਸ’ ਰੱਖਣ ਦੀ ਮੰਗ ਨਹੀਂ ਕੀਤੀ ਗਈ।
ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਭਾਜਪਾ ਦੇ ਰਾਜਸੀ ਏਜੰਡੇ ਦੀ ਪੂਰਤੀ ਲਈ ਅਤੇ ਹਾਲ ਹੀ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ (ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਵੱਲੋਂ ਜੋ ਸਿੱਖ ਸਾਂਸਦਾਂ ਨੂੰ ਆਦੇਸ਼ ਕੀਤਾ ਗਿਆ ਹੈ ਕਿ ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਪਵਿੱਤਰ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਦੀ ਥਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਮਨਾਉਣ ਦੀ ਮੰਗ ਨੂੰ ਸੰਸਦ ਵਿੱਚ ਰੱਖਿਆ ਜਾਵੇ, ਦੀ ਖਿਲਾਫਤ ਵਜੋਂ ਪ੍ਰਿਤਪਾਲ ਸਿੰਘ ਬਲੀਆਵਾਲਾ ਨੇ ਅਜਿਹਾ ਝੂਠਾ ਬਿਆਨ ਦਿੱਤਾ ਹੈ ਜਿਸ ’ਤੇ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਮਨਜੀਤ ਸਿੰਘ ਜੀ.ਕੇ. ਨੇ ਅੱਗੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ, ਜੋ ਕਿ ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਜੇ ਜਥੇਦਾਰ ਸਨ, ਇਸ ਸਭ ਤੋਂ ਭਲੀ ਭਾਤੀ ਜਾਣੂ ਹੋਣ ਦੇ ਬਾਵਜੂਦ ਵੀ ਆਪਣੇ ਪੇਜਾਂ ’ਤੇ ਪੋਸਟਾਂ ਪਾ ਕੇ ਸੰਗਤ ਨੂੰ ਜੋ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵਰਤਾਰਾ ਬਹੁਤ ਹੀ ਮੰਦਭਾਗਾ ਹੈ।