ਆਬਕਾਰੀ ਨੀਤੀ ਮਾਮਲੇ ਵਿੱਚ ਕੇਜਰੀਵਾਲ ਨੂੰ ਰਾਹਤ, ਭਾਜਪਾ ਦੇ ਝੂਠ ਦਾ ਹੋਇਆ ਪਰਦਾਫਾਸ਼: ਕੁਲਦੀਪ ਧਾਲੀਵਾਲ
*ਕਿਹਾ- ਭਾਜਪਾ ਜਿੰਨਾ ਦਬਾਏਗੀ, ‘ਆਪ’ ਉਨੀ ਹੀ ਉਭਰੇਗੀ*
*ਭਾਜਪਾ ਦੀ ਚਾਲ ਫੇਲ੍ਹ, ਅਦਾਲਤ ਦੇ ਫੈਸਲੇ ਨਾਲ ਸੱਚ ਆਇਆ ਸਾਹਮਣੇ:ਧਾਲੀਵਾਲ
ਚੰਡੀਗੜ੍ਹ, 22 ਜਨਵਰੀ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਥਿਤ ਆਬਕਾਰੀ ਨੀਤੀ ਮਾਮਲੇ ਨਾਲ ਜੁੜੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਇੱਕ ਮਾਮਲੇ ਵਿੱਚ ਬਰੀ ਕੀਤੇ ਜਾਣ ਦੇ ਫੈਸਲੇ 'ਤੇ ‘ਆਪ’ ਵਿਧਾਇਕ ਅਤੇ ਮੁੱਖ ਬੁਲਾਰੇ ਕੁਲਦੀਪ ਧਾਲੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਧਾਲੀਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਸੀ। ਭਾਜਪਾ ਨੂੰ ਇਹ ਗਲਤਫਹਿਮੀ ਸੀ ਕਿ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਖਤਮ ਹੋ ਜਾਵੇਗੀ, ਪਰ ਅਜਿਹਾ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨਾ ਸਿਰਫ਼ ਮਜ਼ਬੂਤ ਬਣੀ ਹੋਈ ਹੈ, ਸਗੋਂ ਹੋਰ ਰਾਜਾਂ ਵਿੱਚ ਵੀ ਇਸਦਾ ਵਿਸਥਾਰ ਹੋ ਰਿਹਾ ਹੈ। ਅਦਾਲਤ ਦੇ ਫੈਸਲੇ ਨੇ ਸੱਚਾਈ ਨੂੰ ਸਭ ਦੇ ਸਾਹਮਣੇ ਲਿਆ ਦਿੱਤਾ ਹੈ। ਕੁਲਦੀਪ ਧਾਲੀਵਾਲ ਨੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਜਪਾ ਨੇ ਝੂਠ ਦੇ ਸਿਰ 'ਤੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਨਿਆਂਪਾਲਿਕਾ ਦੇ ਫੈਸਲੇ ਨਾਲ ਸੱਚ ਸਾਹਮਣੇ ਆ ਗਿਆ ਹੈ। ਇਹ ਫੈਸਲਾ ਭਾਜਪਾ ਦੇ ਮੂੰਹ 'ਤੇ ਕਰਾਰੀ ਚਪੇੜ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਜਿੰਨਾ ਜ਼ਿਆਦਾ ਆਮ ਆਦਮੀ ਪਾਰਟੀ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ, ਪਾਰਟੀ ਉਨੀ ਹੀ ਮਜ਼ਬੂਤੀ ਨਾਲ ਉਭਰ ਕੇ ਸਾਹਮਣੇ ਆਵੇਗੀ। ਧਾਲੀਵਾਲ ਨੇ ਵਿਸ਼ਵਾਸ ਜਤਾਇਆ ਕਿ ਅਰਵਿੰਦ ਕੇਜਰੀਵਾਲ ਇੱਕ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਜ਼ਰੂਰ ਬਣਨਗੇ।