ਅਧਿਆਪਕ ਜਥੇਬੰਦੀਆਂ ਨੇ ਸਰਕਾਰ ਵੱਲੋਂ ਮ੍ਰਿਤਕ ਅਧਿਆਪਕਾਂ ਦੇ ਪਰਿਵਾਰ ਨੂੰ ਐਲਾਨੀ ਸਹਾਇਤਾ ਰਾਸ਼ੀ ਠੁਕਰਾਈ
ਸੰਘਰਸ਼ ਨੂੰ ਅੱਗੇ ਵਧਾਉਣ ਲਈ ਮੀਟਿੰਗ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ: ਅਧਿਆਪਕ ਜੱਥੇਬੰਦੀਆਂ
ਪਰਿਵਾਰ ਨੂੰ ਦੋ ਦੋ ਕਰੋੜ ਪ੍ਰਤੀ ਮ੍ਰਿਤਕ ਸਹਾਇਤਾ, ਬੱਚਿਆਂ ਨੂੰ ਨੌਕਰੀ ਦਾ ਲਿਖਤੀ ਭਰੋਸਾ ਦੇਵੇ ਸਰਕਾਰ: ਅਧਿਆਪਕ ਜੱਥੇਬੰਦੀਆਂ
ਚੰਡੀਗੜ੍ਹ 25 ਦਸੰਬਰ 2025- Punjab News- 14 ਦਸੰਬਰ ਨੂੰ ਇਲੈਕਸ਼ਨ ਡਿਊਟੀ 'ਤੇ ਕੰਵਲਜੀਤ ਕੌਰ ਨੂੰ ਛੱਡਣ ਜਾ ਰਹੇ ਜਸਕਰਨ ਸਿੰਘ ਦੀ ਕਾਰ ਧੁੰਦ ਕਾਰਣ ਸੇਮ ਨਾਲੇ ਵਿੱਚ ਪਲਟਣ ਕਾਰਨ ਦੋਹਾਂ ਦੀ ਹੋਈ ਦੁਖਦ ਮੌਤ 'ਤੇ ਪੰਜਾਬ ਸਰਕਾਰ ਵੱਲੋਂ ਸਿਰਫ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੇ ਭਰੋਸੇ ਨੂੰ ਠੁਕਰਾਉਂਦਿਆ ਪੰਜਾਬ ਦੀ ਸਮੂਹ ਅਧਿਆਪਕ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਗੈਰ ਸੰਵੇਦਨਸ਼ੀਲ ਅਤੇ ਪੱਖਪਾਤੀ ਰੱਵਈਏ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।
ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਸੁੱਖਵਿੰਦਰ ਚਾਹਲ, ਵਿਕਰਮ ਦੇਵ ਸਿੰਘ, ਦਿਗਵਿਜੇ ਪਾਲ ਸ਼ਰਮਾ, ਨਵਪ੍ਰੀਤ ਬੱਲੀ, ਬਲਜਿੰਦਰ ਸਿੰਘ ਧਾਲੀਵਾਲ, ਸੁਰਿੰਦਰ ਪੁਆਰੀ, ਕਰਿਸ਼ਨ ਸਿੰਘ ਦੁੱਗਾਂ, ਲਛਮਣ ਸਿੰਘ ਨਬੀਪੁਰ, ਪ੍ਰਗਟਜੀਤ ਕਿਸ਼ਨਪੁਰਾ, ਦੀਪਕ ਕੰਬੋਜ, ਹਰਜੰਟ ਸਿੰਘ,ਹਰਜਿੰਦਰ ਧਾਲੀਵਾਲ, ਹਰਜਿੰਦਰ ਸਿੰਘ, ਪਤਵੰਤ ਸਿੰਘ, ਸੰਦੀਪ ਗਿੱਲ ਅਤੇ ਗੁਰਮੇਲ ਕੁਲਰੀਆਂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਜਥੇਬੰਦੀਆਂ ਵੱਲੋਂ ਸਥਾਨਕ ਪੱਧਰ 'ਤੇ ਡਿਊਟੀਆਂ ਲਾਉਣ ਦੀ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸ਼ਨਾਂ ਵੱਲੋਂ ਦੂਰ ਦੁਰੇਡੇ ਡਿਊਟੀਆਂ ਲਗਾਈਆਂ ਗਈਆਂ ਜਿਸ ਕਾਰਣ ਭਾਰੀ ਧੁੰਦ ਹੋਣ ਕਾਰਣ ਅਨੇਕਾਂ ਅਧਿਆਪਕ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਜੋਖ਼ਮ ਵਿਚ ਪਾ ਕੇ ਡਿਊਟੀ ਵਾਲੇ ਸਥਾਨ 'ਤੇ ਪੁੱਜੇ।
ਇਸੇ ਦਿਨ ਜਿੱਥੇ ਮੋਗੇ ਜਿਲ੍ਹੇ ਦੇ ਇੰਨ੍ਹਾਂ ਦੋ ਅਧਿਆਪਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਉੱਥੇ ਹੀ ਸੰਗਰੂਰ ਜ਼ਿਲ੍ਹੇ ਦੇ ਚੋਣ ਡਿਊਟੀ 'ਤੇ ਜਾ ਰਹੀ ਇੱਕ ਅਧਿਆਪਕਾ ਰਾਜਵੀਰ ਕੌਰ ਦੇ ਗੰਭੀਰ ਸੱਟਾਂ ਲੱਗੀਆਂ ਜਿੰਨ੍ਹਾਂ ਦਾ ਹਾਲੇ ਤੱਕ ਇਲਾਜ਼ ਚੱਲ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਇੰਨ੍ਹਾਂ ਮੁਲਾਜ਼ਮਾਂ ਦੇ ਡਿਊਟੀ ਤੇ ਜਾਂਦਿਆਂ ਸਮੇਂ ਜਾਨ ਗੁਆਉਣ ਪ੍ਰਤੀ ਬਣਦੀ ਸੰਵੇਦਨਸ਼ੀਲਤਾ ਨਾ ਅਪਨਾਏ ਜਾਣ ਖਿਲਾਫ ਰੋਸ ਜ਼ਾਹਰ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਖ਼ਿਲਾਫ਼ ਫਿਜੀਕਲ ਮੀਟਿੰਗ ਕਰਕੇ ਅਗਲਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਪਰਿਵਾਰਾਂ ਨੂੰ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਆਨ ਲਾਈਨ ਮੀਟਿੰਗ ਵਿੱਚ ਸ਼ਾਮਲ ਰੇਸ਼ਮ ਬਠਿੰਡਾ, ਗੁਰਵਿੰਦਰ ਸਸਕੌਰ, ਮਹਿੰਦਰ ਕੌੜਿਆਂ ਵਾਲੀ, ਗੁਰਮੀਤ ਸਿੰਘ ਭੁੱਲਰ, ਸੁਰਿੰਦਰ ਕੰਬੋਜ, ਸੁਖਵਿੰਦਰ ਸਿੰਘ ਸੁੱਖੀ, ਸ਼ਲਿੰਦਰ ਕੰਬੋਜ, ਹਰਮਨਪ੍ਰੀਤ ਸਿੰਘ, ਸਤਨਾਮ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਹਰੀਕਾ, ਰਵਿੰਦਰਜੀਤ ਸਿੰਘ ਪੰਨੂ, ਗੁਰਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਬਿਲਗਾ, ਸ਼ਮਸ਼ੇਰ ਸਿੰਘ, ਗੁਰਜੰਟ ਸਿੰਘ ਵਾਲੀਆ ਅਮਨਬੀਰ ਸਿੰਘ ਗੁਰਾਇਆ ਆਦਿ ਨੇ ਪੰਜਾਬ ਸਰਕਾਰ ਦੇ ਅਧਿਆਪਕਾਂ ਪ੍ਰਤੀ ਗੈਰ ਸੰਵੇਦਨਸ਼ੀਲ ਰੱਵਈਏ ਦੀ ਨਿਖੇਧੀ ਕਰਦਿਆਂ ਅਤੇ ਪ੍ਰਸ਼ਨ ਉਠਾਉਂਦਿਆਂ ਕਿਹਾ ਕਿ ਜ਼ੇਕਰ ਪੁਲਿਸ ਮੁਲਾਜ਼ਮ ਦੀ ਇਸ ਪ੍ਰਕਾਰ ਮੌਤ ਹੋਣ 'ਤੇ ਇਕ ਕਰੋੜ ਰੁਪਏ ਦਿੱਤੇ ਜਾ ਸਕਦਾ ਹਨ ਤਾਂ ਅਧਿਆਪਕ ਜੋ ਸਰਕਾਰ ਦੀ ਹੀ ਡਿਊਟੀ ਕਰਦੇ ਅਪਣੀ ਜਾਨ ਗਵਾਉਂਦਾ ਹੈ ਤਾਂ ਉਸ ਨੂੰ ਨਿਗੁਣੀ ਰਾਸ਼ੀ ਦੇ ਕੇ ਅਪਮਾਨਤ ਕਿਉਂ ਕੀਤਾ ਜਾ ਰਿਹਾ ਹੈ?
ਇਸ ਖ਼ਿਲਾਫ਼ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਸੰਘਰਸ਼ ਨੂੰ ਅੱਗੇ ਵਧਾਉਣਗੀਆਂ ਅਤੇ ਪਰਿਵਾਰ ਨੂੰ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ।